ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਵੋਟਾਂ ਅੱਜ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੁਆਈਆਂ ਜਾਣਗੀਆਂ, ਜਿਸ ਲਈ ਪ੍ਰਸ਼ਾਸਨ ਵੱਲੋਂ ਸਮੁਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਚੋਣਾਂ ਨੂੰ ਨਿਰਪੱਖ ਤਰੀਕੇ ਨਾਲ ਕਰਾਉਣ ਲਈ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਤੇ ਨਾਲ ਹੀ ਪੈਰਾ ਮਿਲਟਰੀ ਫੋਰਸਾਂ ਦੀ ਵੀ ਡਿਊਟੀ ਲਗਾਈ ਗਈ ਹੈ ਤਾਂ ਜੋ ਸ਼ਾਂਤਮਈ ਤਰੀਕੇ ਨਾਲ ਵੋਟ ਪੁਆਉਣ ਦਾ ਕੰਮ ਨੇਪਰੇ ਚਾੜ੍ਹਿਆ ਜਾ ਸਕੇ। 70,000 ਪੁਲਿਸ ਮੁਲਾਜ਼ਮ, ਹੋਮ ਗਾਰਡ ਤੇ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਸੁਰੱਖਿਆ ਵਿਚ ਤਾਇਨਾਤ ਕੀਤੇ ਗਏ ਹਨ।
ਪੋਲਿੰਗ ਪਾਰਟੀਆਂ ਨਾਲ ਸੁਰੱਖਿਆ ਪ੍ਰਬੰਧਾਂ ਲਈ ਪੰਜਾਬ ਪੁਲਿਸ ਤੋਂ ਇਲਾਵਾ ਸੀਆਰਪੀ, ਬੀਐੱਸਐੱਫ, ਮੱਧ ਪ੍ਰਦੇਸ਼ ਪੁਲਿਸ, ਗੁਜਰਾਤ ਪੁਲਿਸ ਅਤੇ ਹੋਰ ਫੋਰਸਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਪੋਲਿੰਗ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 9424 ਪੋਲਿੰਗ ਸਟਾਫ਼ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 419 ਮਾਈਕਰੋ ਆਬਜ਼ਰਵਰ ਵੀ ਪੋਲਿੰਗ ਬੂਥਾਂ ‘ਤੇ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਵੋਟਿੰਗ ਅੱਜ, 328 ਉਮੀਦਵਾਰਾਂ ਦੀ ਕਿਸਮਤ EVM ‘ਚ ਹੋਵੇਗੀ ਬੰਦ
ਪੂਰੇ ਸੂਬੇ ਵਿਚ 1076 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ ਜਦੋਂ ਕਿ ਗ੍ਰੀਨ ਪੋਲਿੰਗ ਸਟੇਸ਼ਨ 115, ਪਿੰਕ ਪੋਲਿੰਗ ਸਟੇਸ਼ਨ 165, ਯੂਥ ਮੈਨੇਜਮੈਂਟ ਪੋਲਿੰਗ ਸਟੇਸ਼ਨ 99 ਤੇ 101 ਦਿਵਿਆਂਗ ਪੋਲਿੰਗ ਸਟੇਸ਼ਨ ਹਨ। ਕੁੱਲ 2.60 ਲੱਖ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਇਸ ਵਿਚ 1.20 ਲੱਖ ਪੋਲਿੰਗ ਸਟਾਫ ਹੈ ਜਦੋਂ ਕਿ ਸਕਿਓਰਿਟੀ ਪਰਸਨਲ 81 ਹਜ਼ਾਰ ਲਗਾਏ ਗਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਅਧਿਕਾਰੀ ਸਿਬਿਨ ਸੀ ਨੇ ਸੂਬੇ ਦੇ ਵੋਟਰਾਂ ਨੂੰ ਲੋਕਤੰਤਰ ਦੇ ਤਿਉਹਾਰ ਵਿੱਚ ਵਧ ਤੋਂ ਵਧ ਹਿੱਸਾ ਲੈਂਦਿਆਂ ਵਧ-ਚੜ੍ਹ ਕੇ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਹੈ। ਇਸ ਲਈ ਹਰੇਕ ਵੋਟਰ ਨੂੰ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।