ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਲਈ ਗਈ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ PSTET ਵਿਵਾਦਾਂ ਵਿੱਚ ਘਿਰ ਗਈ ਹੈ। ਸੋਸ਼ਲ ਸਟੱਡੀਜ਼ ਦੇ ਪੇਪਰ ਵਿੱਚ 60 ਵਿੱਚੋਂ 57 ਉੱਤਰ ਹਾਈਲਾਈਟ ਕੀਤੇ ਗਏ ਸਨ। ਜਿਸ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ।
ਦੂਜੇ ਪਾਸੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰੀਖਿਆ ਦੁਬਾਰਾ ਕਰਵਾਉਣ ਦੀ ਗੱਲ ਕਹੀ ਹੈ। ਇਸ ਦੀ ਜਾਣਕਾਰੀ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਦਿੱਤੀ ਹੈ। ਮੰਤਰੀ ਬੈਂਸ ਨੇ ਕਿਹਾ- GNDU ਨੇ ਅਫਸੋਸ ਜਤਾਇਆ ਹੈ ਅਤੇ ਬਿਨਾਂ ਕਿਸੇ ਫੀਸ ਤੋਂ ਪ੍ਰੀਖਿਆ ਦੁਬਾਰਾ ਕਰਵਾਏਗੀ। ਭਵਿੱਖ ਵਿੱਚ ਅਜਿਹਾ ਹੋਣ ਤੋਂ ਰੋਕਣ ਲਈ, ਮੈਂ ਆਪਣੇ ਵਿਭਾਗ ਨੂੰ ਤੀਜੀਆਂ ਧਿਰਾਂ ਨਾਲ MOU ਸਾਈਨ ਕਰਦੇ ਸਮੇਂ ਉਮੀਦਵਾਰਾਂ ਲਈ ਮੁਆਵਜ਼ੇ ਦੀ ਧਾਰਾ ਸ਼ਾਮਲ ਕਰਨ ਦਾ ਹੁਕਮ ਦਿੱਤਾ ਹੈ। ਇਸ ਵਿੱਚ ਪ੍ਰੀਖਿਆਰਥੀਆਂ ਨੂੰ ਪਰੇਸ਼ਾਨੀ ਕਿਉਂ ਹੋਣੀ ਚਾਹੀਦੀ ਹੈ? ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪ੍ਰੀਖਿਆ ਵਿੱਚ ਪ੍ਰਸ਼ਨ ਪੱਤਰ ਦਾ ਪੰਜਾਬੀ ਵਿੱਚ ਅਨੁਵਾਦ ਕੀਤੇ ਜਾਣ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਇੱਕ ਪਾਸੇ ਸਰਕਾਰ ਮਾਂ ਬੋਲੀ ਨੂੰ ਪ੍ਰਮੋਟ ਕਰਨ ਲਈ ਕਈ ਮਾਪਦੰਡ ਤੈਅ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਪੀਐਸਟੀਈਟੀ ਪ੍ਰੀਖਿਆ ਵਿੱਚ ਕਈ ਵਿਸ਼ਿਆਂ ਦੀ ਉੱਤਰ ਪੱਤਰੀ ਵਿੱਚ ਪੰਜਾਬੀ ਅਨੁਵਾਦ ਗਲਤ ਸੀ।
ਐਸਐਸਟੀ ਦੇ ਪ੍ਰਸ਼ਨ ਪੱਤਰ ਦੀ ਕਾਪੀ ਸਾਂਝੀ ਕਰਨ ਵਾਲੇ ਇੱਕ ਪ੍ਰੀਖਿਆਰਥੀ ਨੇ ਦੱਸਿਆ ਕਿ ਪ੍ਰਸ਼ਨ ਪੱਤਰ ਵਿੱਚ 60 ਵਿੱਚੋਂ 57 ਦੇ ਸਹੀ ਉੱਤਰ ਮੋਟੇ ਅੱਖਰਾਂ ਵਿੱਚ ਸਾਂਝੇ ਕੀਤੇ ਗਏ ਸਨ। ਇਕ ਪ੍ਰੀਖਿਆਰਥੀ ਨੇ ਦੱਸਿਆ ਕਿ ਉਸ ਨਾਲ ਧੋਖਾ ਹੋਇਆ ਹੈ। ਉਹ ਪ੍ਰੀਖਿਆ ਲਈ ਕੋਚਿੰਗ ਲੈਂਦੇ ਹਨ ਅਤੇ ਕੋਚਿੰਗ ਸੰਸਥਾਵਾਂ ਵਿੱਚ 8,000 ਰੁਪਏ ਤੋਂ ਵੱਧ ਦੀ ਮਹੀਨਾਵਾਰ ਫੀਸ ਅਦਾ ਕਰਦੇ ਹਨ। ਇਸੇ ਤਰ੍ਹਾਂ, ਜ਼ਿਆਦਾਤਰ ਵਿਦਿਆਰਥੀ ਸ਼ਹਿਰੀ ਖੇਤਰਾਂ ਵਿੱਚ ਕਿਰਾਏ ‘ਤੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਸ਼ਹਿਰਾਂ ਵਿੱਚ ਆਸਾਨੀ ਨਾਲ ਕੋਚਿੰਗ ਮਿਲਦੀ ਹੈ। ਕੁਝ ਉਮੀਦਵਾਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਕੇਂਦਰਾਂ ਵਿੱਚ ਪ੍ਰਸ਼ਨ ਪੱਤਰ ਵੀ ਵਾਪਸ ਲੈ ਲਏ ਗਏ ਹਨ। ਜਦਕਿ ਪ੍ਰਸ਼ਨ ਪੱਤਰ ਦੇ ਪਿਛਲੇ ਪਾਸੇ ਲਿਖਿਆ ਹੋਇਆ ਸੀ ਕਿ ਉਮੀਦਵਾਰ ਪ੍ਰਸ਼ਨ ਪੱਤਰ ਆਪਣੇ ਨਾਲ ਲੈ ਜਾ ਸਕਦੇ ਹਨ। ਪ੍ਰੀਖਿਆਰਥੀਆਂ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਨੇ ਆਪਣੀ ਗਲਤੀ ਛੁਪਾਉਣ ਲਈ ਅਜਿਹਾ ਕੀਤਾ ਹੈ।