ਪੰਜਾਬ ਵਿੱਚ ਕੋਰੋਨਾ ਜਾਨਲੇਵਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਸੂਬੇ ਵਿੱਚ ਪਿਛਲੇ ਸਾਢੇ 4 ਮਹੀਨਿਆਂ ਵਿੱਚ ਕੋਰੋਨਾ ਨਾਲ 113 ਮੌਤਾਂ ਹੋਈਆਂ ਹਨ। ਸ਼ਨੀਵਾਰ ਨੂੰ ਸੂਬੇ ਵਿੱਚ ਕੋਰੋਨਾ ਦੇ 274 ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਹੁਸ਼ਿਆਰਪੁਰ ਵਿੱਚ ਇੱਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਗਈ । ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿੱਚ 98 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ, ਜਦਕਿ 32 ਮਰੀਜ਼ਾਂ ਨੂੰ ICU ਵਿੱਚ ਸ਼ਿਫਟ ਕੀਤਾ ਗਿਆ ਹੈ। ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਵਿੱਚ ਐਕਟਿਵ ਕੇਸ ਵੱਧ ਕੇ 2344 ਹੋ ਗਏ ਹਨ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਕੋਰੋਨਾ ਦੇ ਸਭ ਤੋਂ ਵੱਧ ਨਵੇਂ ਮਾਮਲੇ ਮੋਹਾਲੀ ਵਿੱਚ ਸਾਹਮਣੇ ਆਏ ਹਨ। ਮੋਹਾਲੀ ਵਿੱਚ 59, ਜਲੰਧਰ ਅਤੇ ਲੁਧਿਆਣਾ ਤੋਂ 34-34, ਬਠਿੰਡਾ 32, ਅੰਮ੍ਰਿਤਸਰ 23, ਹੁਸ਼ਿਆਰਪੁਰ 20 ਤੇ ਰੋਪੜ ਤੋਂ 16 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ । ਸੂਬੇ ਵਿੱਚ ਸ਼ਨੀਵਾਰ ਨੂੰ 8913 ਸੈਂਪਲ ਜਾਂਚ ਲਈ ਭੇਜੇ ਗਏ । ਉੱਥੇ ਹੀ ਜੇਕਰ ਸੂਬੇ ਵਿੱਚ ਹੋ ਰਹੇ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਵਿੱਚ ਅੱਜ 7403 ਲੋਕਾਂ ਨੇ ਟੀਕਾਕਰਨ ਕਰਵਾਇਆ।
ਇਹ ਵੀ ਪੜ੍ਹੋ: CM ਮਾਨ ਨੇ ‘ਲਾਲ ਸਿੰਘ ਚੱਢਾ’ ਦੀ ਕੀਤੀ ਤਾਰੀਫ਼, ਬੋਲੇ-‘ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਫ਼ਿਲਮ’
ਦੱਸ ਦੇਈਏ ਕਿ ਪੰਜਾਬ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਖਤੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਕੋਰੋਨਾ ਦੇ ਮੱਦੇਨਜ਼ਰ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ਅਨੁਸਾਰ ਹੁਣ ਪੰਜਾਬ ਵਿੱਚ ਜਨਤਕ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਸਾਰੇ ਵਿਦਿਅਕ ਅਦਾਰਿਆਂ, ਸਰਕਾਰੀ ਅਤੇ ਨਿੱਜੀ ਦਫ਼ਤਰਾਂ, ਇਨਡੋਰ ਅਤੇ ਆਊਟਡੋਰ ਮੀਟਿੰਗਾਂ, ਮਾਲਜ਼, ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਭੀੜ ਵਾਲੀਆਂ ਥਾਵਾਂ ’ਤੇ ਦੂਰੀ ਬਣਾ ਕੇ ਰੱਖਣ ਲਈ ਵੀ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: