Punjab DGP Dinkar : ਸੂਬੇ ਵਿਚ ਕੋਰੇਨਾ ਨੇ ਹਾਹਾਕਾਰ ਮਚਾਈ ਹੋਈ ਹੈ। ਵਧਦੀ ਲਾਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 15 ਮਈ ਤੱਕ ਮਿੰਨੀ ਲਾਕਡਾਊਨ ਵੀ ਲਗਾਇਆ ਗਿਆ ਹੈ। ਇਸ ਦੌਰਾਨ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ 80 ਤੋਂ 90% ਲੋਕ ਘਰ ਦੇ ਅੰਦਰ ਹੀ ਰਹਿਣ। ਲੋਕ ਉਦੋਂ ਹੀ ਘਰ ਤੋਂ ਬਾਹਰ ਨਿਕਲਣ, ਜਦੋਂ ਕੋਈ ਮੈਡੀਕਲ ਕਾਰਨ ਹੋਵੇ ਜਾਂ ਕੋਈ ਹੋਰ ਐਮਰਜੈਂਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦਾ ਹਵਾਲਾ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਇਹ ਹੁਕਮ ਸਾਰੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਜਾਰੀ ਕੀਤੇ ਹਨ।
ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪੈਦਲ ਤੇ ਸਾਈਕਲ ‘ਤੇ ਆਵਾਜਾਈ ਬੇਰੋਕ-ਟੋਕ ਜਾਰੀ ਰਹੇਗੀ। ਹਾਲਾਂਕਿ ਜੇ ਕੋਈ ਕਾਰ ਜਾਂ ਹੋਰ ਗੱਡੀ ਲੈ ਕੇ ਆਉਂਦਾ ਹੈ ਤਾਂ ਉਸ ਈ-ਪਾਸ ਲੈਣਾ ਲਾਜ਼ਮੀ ਹੈ। ਜੇ ਕੋਈ ਬਗੈਰ ਈ-ਪਾਸ ਦੇ ਫੜਿਆ ਜਾਂਦਾ ਹੈ ਤਾਂ ਉਸ ਦੀ ਕਾਰ ਜ਼ਬਤ ਕਰ ਲਈ ਜਾਵੇਗੀ। ਪ੍ਰਾਈਵੇਟ ਦਫ਼ਤਰਾਂ ‘ਚ ਵਰਕ ਫ਼ਰਾਮ ਹੋਮ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸ ‘ਚ ਕਾਰਪੋਰੇਟ ਦਫ਼ਤਰ, ਵਕੀਲ, ਆਰਕੀਟੈਕਟ, ਚਾਰਟਰਡ ਅਕਾਉਂਟੈਂਟਸ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਬੈਂਕ ਖੋਲ੍ਹਣ ਦਾ ਸਮਾਂ ਵੀ ਤੈਅ ਕਰ ਦਿੱਤਾ ਗਿਆ ਹੈ।
ਪੁਲਿਸ ਨੂੰ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਸਿਰਫ ਜ਼ਰੂਰੀ ਤੇ ਮਨਜੂਰਸ਼ੁਦਾ ਦੁਕਾਨਾਂ ਹੀ ਖੁੱਲ੍ਹਣ। ਕਰਿਆਨਾ, ਗ੍ਰੋਸਰੀ, ਸਬਜ਼ੀਆਂ ਤੇ ਫਲਾਂ ਦੀ ਦੁਕਾਨਾਂ, ਬੈਂਕ ਤੇ ਰੇਹੜੀ ਨੇੜੇ ਭੀੜ ਨੂੰ ਰੋਕਣਾ ਪੁਲਿਸ ਦੀ ਡਿਊਟੀ ਹੈ। ਇਸ ਤੋਂ ਇਲਾਵਾ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ। DGP ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਕੋਰੋਨਾ ਨੂੰ ਕੰਟਰੋਲ ਕਰਨ ਲਈ ਸਖਤ ਕਦਮ ਚੁੱਕੇ ਜਾਣੇ ਜ਼ਰੂਰੀ ਹਨ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।