Punjab MC Poll Results: ਜਿੱਥੇ ਕਿਸਾਨ ਲਗਾਤਾਰ ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਉੱਥੇ ਹੀ ਇਸ ਵਿਚਕਾਰ ਅੱਜ ਪੰਜਾਬ ਦੀਆਂ ਨਾਗਰਿਕ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਕੁੱਲ 117 ਸੀਟਾਂ ਲਈ 9222 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣਾ ਹੈ। ਕਿਸਾਨ ਅੰਦੋਲਨ ਦੇ ਵਿਚਕਾਰ ਹੋਈਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ‘ਤੇ ਅੱਜ ਸਭ ਦੀ ਨਜ਼ਰ ਹੈ। ਕਿਸਾਨ ਅੰਦੋਲਨ ਦੌਰਾਨ ਪੰਜਾਬ ਵਿੱਚ ਕਿਸੇ ਵੀ ਪੱਧਰ ਦੀਆਂ ਚੋਣਾਂ ਲਈ ਇਹ ਪਹਿਲਾ ਮੌਕਾ ਹੈ, ਜਿਸ ਕਾਰਨ ਇਹ ਚੋਣਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਲਈ ਬਹੁਤ ਮਹੱਤਵਪੂਰਨ ਮੰਨੀਆ ਜਾ ਰਹੀਆਂ ਹਨ। ਅਗਲੇ ਸਾਲ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਿਸ ਕਾਰਨ ਇਨ੍ਹਾਂ ਚੋਣਾਂ ਨੂੰ 2022 ਦਾ ਟੈਸਟ ਮੰਨਿਆ ਜਾ ਰਿਹਾ ਹੈ। ਪੰਜਾਬ ਰਾਜ ਵਿੱਚ 14 ਫਰਵਰੀ ਨੂੰ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਬੁੱਧਵਾਰ ਯਾਨੀ ਕਿ ਅੱਜ ਹੋ ਰਹੀ ਹੈ।
ਪੰਜਾਬ ਵਿੱਚ 25 ਸਾਲਾਂ ਬਾਅਦ ਗੱਠਜੋੜ ਤੋਂ ਵੱਖ ਹੋਏ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਖਰੇ ਤੌਰ ‘ਤੇ ਚੋਣ ਮੈਦਾਨ ਵਿੱਚ ਉੱਤਰੇ ਹਨ। ਜਿਸ ਕਾਰਨ ਭਾਜਪਾ ਨੂੰ ਬਹੁਤ ਸਾਰੀਆਂ ਥਾਵਾਂ ‘ਤੇ ਉਮੀਦਵਾਰ ਲੱਭਣ ‘ਚ ਵੀ ਮੁਸ਼ਕਿਲ ਹੋਈ ਹੈ ਅਤੇ ਉਹ ਪੰਜਾਬ ਦੀਆਂ ਅੱਧੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਵੀ ਖੜ੍ਹੇ ਨਹੀਂ ਕਰ ਸਕੀ। ਪਰ ਹੁਣ ਭਾਜਪਾ ਦਾ ਵੀ ਖਾਤਾ ਖੁੱਲ ਗਿਆ ਹੈ, ਪਠਾਨਕੋਟ ਦੀ ਸੁਜਾਨਪੁਰ ਨਗਰ ਕੌਂਸਲ ਦੇ ਕੁੱਲ 15 ਵਾਰਡ ਹਨ। ਜਿੱਥੇ 6 ‘ਤੇ ਭਾਜਪਾ , 8 ਤੇ ਕਾਂਗਰਸ ਅਤੇ ਇੱਕ ਉੱਤੇ ਆਜ਼ਾਦ ਉਮੀਦਵਾਰ ਜਿੱਤੇ ਹਨ। ਮੋਗਾ ਦੇ ਵਿੱਚ ਵੀ ਭਾਜਪਾ 1 ਸੀਟ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ। ਗੁਰਦਾਸਪੁਰ ਜ਼ਿਲੇ ਵਿੱਚ ਬਟਸ਼ਾਲਾ ਵਿੱਚ ਕਾਂਗਰਸ ਨੇ 17, ਅਕਾਲੀ ਦਲ ਨੇ 2 ਅਤੇ ਭਾਜਪਾ ਨੇ ਇੱਕ ਸੀਟ ਜਿੱਤੀ ਹੈ। ਫਾਜ਼ਲਿਕਾ ਵਿੱਚ ਕਾਂਗਰਸ ਨੇ 11, ਅਕਾਲੀ ਦਲ ਨੇ 5 ਅਤੇ ਆਪ ਨੇ 1 ਵਾਰਡ ਵਿੱਚ ਜਿੱਤ ਦਰਜ਼ ਕੀਤੀ ਹੈ। ਨਗਰ ਕੌਂਸਲ ਨੂਰਮਹਿਲ ਦੇ ਵਿੱਚ ਵੀ ਭਾਜਪਾ 1 ਸੀਟ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ। ਰਾਜਪੁਰਾ ਨਗਰ ਕੌਂਸਲ ਪਟਿਆਲਾ ਵਿਖੇ ਕੁੱਲ 31 ਵਾਰਡਾਂ ਵਿੱਚੋਂ 27 ਕਾਂਗਰਸ ਪਾਰਟੀ ਦੇ ਖਾਤੇ ਵਿੱਚ ਚਲੇ ਗਏ ਹਨ, ਜਦਕਿ 1-1 ਵਾਰਡ ਵਿੱਚ ਆਪ-ਅਕਾਲੀ ਦਲ ਅਤੇ ਦੋ ਵਿੱਚ ਭਾਜਪਾ ਜੇਤੂ ਰਹੀ ਹੈ।