ਪੰਜਾਬ ਪੁਲਿਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ DGP) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਜੰਮੂ-ਕਸ਼ਮੀਰ ਵਿੱਚ ਚੱਲ ਰਹੀ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਵਿੱਚ ਬੁੱਧਵਾਰ ਨੂੰ ਇੱਕ ਸੁਰੱਖਿਆ ਸਮੀਖਿਆ ਬੈਠਕ ਦੀ ਅਗਵਾਈ ਕੀਤੀ। ਜਿਸ ਵਿੱਚ ਗੁਆਂਢੀ ਰਾਜਾਂ ਦੇ ਪੁਲਿਸ ਅਧਿਕਾਰੀਆਂ ਤੇ ਫੌਜ, ਹਵਾਈ ਫੌਜ, BSF ਤੇ ਕੇਂਦਰੀ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਸ਼ਨੀਵਾਰ ਨੂੰ ਅਨੰਤਨਾਗ ਵਿੱਚ ਨੁਨਵਾਨ-ਪਹਿਲਗਾਮ ਮਾਰਗ ਤੇ ਗੰਦੇਰਬਲ ਵਿੱਚ ਬਾਲਟਾਲ ਮਾਰਗ ਤੋਂ ਸ਼ੁਰੂ ਹੋਈ।
ਪੰਜਾਬ ਦੇ ਵਿਸ਼ੇਸ਼ ਪੁਲਿਸ ਦੇ ਡਾਇਰੈਕਟਰ ਜਨਰਲ ਸ਼ੁਕਲਾ ਨੇ ਕਿਹਾ ਕਿ ਪੁਲਿਸ ਨੇ 550 ਤੋਂ ਵੱਧ ਕਰਮੀ, ਵਿਸ਼ੇਸ਼ ਅਭਿਆਨ ਸਮੂਹ ਦੀ ਟੀਮ ਤੇ ਹੋਰ ਕਮਾਂਡੋ ਇਕਾਈਆਂ ਨੂੰ ਤਾਇਨਾਤ ਕਰ ਕੇ ਸਰਹੱਦ ਦੇ ਨੇੜਲੇ ਇਲਾਕਿਆਂ ਵਿੱਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਹਾਈ ਅਲਰਟ ‘ਤੇ ਹੈ। ਸ਼ੁਕਲਾ ਨੇ ਕਿਹਾ ਕਿ ਡਰੋਨ ਨਿਗਰਾਨੀ ਪ੍ਰਣਾਲੀ ਨਜ਼ਰ ਰੱਖ ਰਹੀ ਹੈ ਅਤੇ BSF ਦੇ ਨਾਲ ਮਿਲ ਕੇ ਪਠਾਨਕੋਟ ਵਿੱਚ ਸੰਯੁਕਤ ਜਾਂਚ ਚੌਂਕੀਆਂ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਰਸਤਿਆਂ ਨੂੰ ਪੰਜ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਰਸਤੇ ‘ਤੇ CAPF ਦੀਆਂ ਚਾਰ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੰਗਰ ਵਾਲੇ ਸਥਾਨਾਂ ‘ਤੇ ਕੈਮਰੇ ਲਗਾਉਣ, ਬੁਲੇਟ ਪਰੂਫ ਮੋਰਚੇ ਅਤੇ ਐੱਸ. ਓ. ਜੀ. ਦੀ ਤਾਇਨਾਤੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: 7 ਮਹੀਨੇ ਪਹਿਲਾਂ ਅਰਮਾਨੀਆ ਗਏ ਪੰਜਾਬੀ ਨੌਜਵਾਨ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਪਾਰਕਿੰਗ ਲਈ ਢੁੱਕਵੇਂ ਪ੍ਰਬੰਧ ਕਰਨ ਅਤੇ ਸਾਰੇ ਪੰਜ ਸੈਕਟਰਾਂ ਤੇ ਬਲਾਂ ਦੀ ਰਣਨੀਤਕ ਤਾਇਨਾਤੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹਰੇਕ ਸੈਕਟਰ ਵਿੱਚ ਟਰੌਮਾ ਸੈਂਟਰ, ਐਂਬੂਲੈਂਸ ਸੇਵਾਵਾਂ, ਟੋਅ ਵਹੀਕਲਜ਼ ਅਤੇ ਹਾਈਡ੍ਰਾਸ ਪਹਿਲਾਂ ਹੀ ਮੌਜੂਦ ਹਨ। ਕਿਸੇ ਵੀ ਸੰਭਾਵਿਤ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਆਫ਼ਤ ਪ੍ਰਬੰਧਨ ਵਿਵਸਥਾ ਦੀ ਜ਼ਰੂਰਤ ‘ਤੇ ਬਲ ਦਿੰਦਿਆਂ ਉਨ੍ਹਾਂ ਨੇ ਅੱਗ ਲੱਗਣ ਦੀਆਂ ਘਟਨਾਵਾਂ ਜਾਂ ਅਚਾਨਕ ਹੜ੍ਹ ਵਰਗੀਆਂ ਘਟਨਾਵਾਂ ਨਾਲ ਨਜਿੱਠਣ ਦੇ ਲਈ ਐੱਸਓਪੀ ਨੂੰ ਲਾਗੂ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਡਰੋਨ ਨਿਗਰਾਨੀ ਪ੍ਰਣਾਲੀ ਸਮਾਜ ਵਿਰੋਧੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖੇਗੀ ਅਤੇ ਬੀ. ਐੱਸ. ਐੱਫ. ਅਤੇ ਪਠਾਨਕੋਟ ਪੁਲਿਸ ਵੱਲੋਂ ਸਾਂਝੀਆਂ ਚੈੱਕ ਪੋਸਟਾਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਖ਼ਤਰੇ ਤੋਂ ਬਚਣ ਲਈ ਨਿਯਮਤ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (CASO) ਅਤੇ ਐਂਟੀ ਟਨਲਿੰਗ ਆਪ੍ਰੇਸ਼ਨ ਚਲਾਏ ਜਾ ਰਹੇ ਹਨ। ਕਿਸੇ ਵੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਵਿਆਪਕ ਆਫ਼ਤ ਪ੍ਰਬੰਧਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਅੱਗ ਲੱਗਣ ਦੀਆਂ ਘਟਨਾਵਾਂ ਜਾਂ ਅਚਾਨਕ ਹੜ੍ਹਾਂ ਵਰਗੀਆਂ ਸਥਿਤੀਆਂ ਨਾਲ ਨਜਿੱਠਣ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸ. ਓ. ਪੀਜ਼.) ਨੂੰ ਲਾਗੂ ਕਰਨ ਦੀ ਤਾਕੀਦ ਕੀਤੀ। ਮੀਟਿੰਗ ਵਿੱਚ ਡੀ. ਆਈ. ਜੀ. ਬਾਰਡਰ ਰੇਂਜ ਰਾਕੇਸ਼ ਕੌਸ਼ਲ, DIG BSF ਗੁਰਦਾਸਪੁਰ ਸ਼ਸ਼ਾਂਕ ਆਨੰਦ, DIG BSF ਗੁਰਦਾਸਪੁਰ ਯੁਵਰਾਜ ਦੂਬੇ, ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ, ਐੱਸ. ਐੱਸ. ਪੀ. ਪਠਾਨਕੋਟ ਸੁਹੇਲ ਕਾਸਿਮ ਮੀਰ, ਐੱਸ. ਐੱਸ. ਪੀ. ਕਠੂਆ ਅਨਾਇਤ ਅਲੀ ਅਤੇ ਵਿੰਗ ਕਮਾਂਡਰ AIF ਪਠਾਨਕੋਟ ਨਰਿੰਦਰ ਸਿੰਘ ਸਮੇਤ ਪ੍ਰਮੁੱਖ ਅਧਿਕਾਰੀ ਅਤੇ ਕੇਂਦਰੀ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: