ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਮਾਨ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸੇ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ CM ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਪੰਜਾਬ ਰਾਜ ਯੋਜਨਾ ਬੋਰਡ ਭੰਗ ਕਰ ਦਿੱਤਾ ਗਿਆ ਹੈ । ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਇਸ ਬੋਰਡ ਦੀ ਉਪ ਚੇਅਰਪਸਨ ਸੀ । ਉਨ੍ਹਾਂ ਦੀ ਨਿਯੁਕਤੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਕੀਤੀ ਗਈ ਸੀ । ਪਰ ਹੁਣ ਮਾਨ ਸਰਕਾਰ ਨੇ ਰਾਜਪਾਲ ਤੋਂ ਮਨਜ਼ੂਰੀ ਮਿਲਦਿਆਂ ਹੀ ਸੂਬਾਈ ਬੋਰਡ ਤੇ ਜ਼ਿਲ੍ਹਾ ਯੋਜਨਾ ਬੋਰਡਾਂ ਨੂੰ ਭੰਗ ਕਰ ਦਿੱਤਾ ਹੈ।
ਪੰਜਾਬ ਸਰਕਾਰ ਵੱਲੋਂ ਇਨ੍ਹਾਂ ਬੋਰਡਾਂ ਨੂੰ ਭਗ ਕਰਨ ਤੋਂ ਬਾਅਦ ਮੌਜੂਦਾ ਬੋਰਡ ਚੇਅਰਪਰਸਨ ਭੱਠਲ ਨੂੰ ਹਟਾ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਰਜਿੰਦਰ ਗੁਪਤਾ, ਵਾਈਸ ਚੇਅਰਮੈਨ ਤੇ ਮੈਂਬਰ ਭਵਦੀਪ ਸਰਦਾਨਾ, ਭਗਵੰਤ ਸਿੰਘ, ਕੇਵੀਐਸ ਸਿੱਧੂ ਤੇ ਬਲਦੇਵ ਸਿੰਘ ਢਿੱਲੋਂ ਦੀਆਂ ਸੇਵਾਵਾਂ ਵੀ ਖ਼ਤਮ ਹੋ ਗਈਆਂ ਹਨ। ਇਸ ਸਬੰਧੀ ਸੂਬਾ ਸਰਕਾਰ ਦੇ ਯੋਜਨਾ ਵਿਭਾਗ ਦੇ ਸਕੱਤਰ ਦਲਜੀਤ ਸਿੰਘ ਮਾਂਗਟ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਯੋਜਨਾ ਕਮਿਸ਼ਨ ਨੂੰ ਭੰਗ ਕਰ ਦਿੱਤਾ ਸੀ ਤੇ ਇਸ ਦੀ ਥਾਂ ਨੀਤੀ ਆਯੋਗ ਬਣਾ ਦਿੱਤਾ ਸੀ।
ਦੱਸ ਦਈਏ ਕਿ ਹੁਣ ਤੱਕ ਯੋਜਨਾ ਬੋਰਡ ਸੂਬੇ ਦੀ ਸਾਲਾਨਾ ਯੋਜਨਾ ਤਿਆਰ ਕਰਕੇ ਯੋਜਨਾ ਕਮਿਸ਼ਨ ਤੋਂ ਪਾਸ ਕਰਵਾਉਂਦਾ ਸੀ ਪਰ ਯੋਜਨਾ ਕਮਿਸ਼ਨ ਭੰਗ ਹੋਣ ਤੋਂ ਬਾਅਦ ਸੂਬੇ ਵਿੱਚ ਬਣੇ ਯੋਜਨਾ ਬੋਰਡਾਂ ਨੇ ਹੀ ਯੋਜਨਾਵਾਂ ਤਿਆਰ ਕਰਨੀਆਂ ਸੀ ਪਰ ਇਸ ਦੀ ਥਾਂ ‘ਤੇ ਹੁਣ ‘ਆਰਥਿਕ ਨੀਤੀ ਤੇ ਯੋਜਨਾ ਬੋਰਡ’ ਦਾ ਗਠਨ ਕਰ ਦਿੱਤਾ ਗਿਆ ਹੈ।ਇਸ ਬੋਰਡ ਦੇ ਵਾਈਸ ਚੇਅਰਮੈਨ ਤੇ ਹੋਰ ਮੈਂਬਰਾਂ ਦੀ ਨਿਯੁਕਤੀ ਜਲਦ ਹੀ ਕਰ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: