ਪੰਜਾਬ ਦੇ ਖੰਨਾ ‘ਚ ਲਲਹੇੜੀ ਰੋਡ ‘ਤੇ ਆਯੋਜਿਤ ਦੁਸਹਿਰਾ ਮੇਲੇ ‘ਚ ਭਾਰੀ ਹੰਗਾਮਾ ਹੋਇਆ। ਇੱਥੇ ਪੰਜਾਬੀ ਗਾਇਕ ਗੁਲਾਬ ਸਿੱਧੂ ਕਾਰਨ ਸ਼ੋਅ ਅੱਧ ਵਿਚਾਲੇ ਹੀ ਰੋਕਣਾ ਪਿਆ। ਦਰਅਸਲ ਸਟੇਜ ‘ਤੇ ਮੌਜੂਦ ਬਾਊਂਸਰਾਂ ਵੱਲੋਂ ਸੁਰੱਖਿਆ ਤਹਿਤ ਜਦੋਂ ਲੋਕਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ‘ਤਾਂ ਉੱਥੇ ਇੱਕ ਬਜ਼ੁਰਗ ਵਿਅਕਤੀ ਦੀ ਪੱਗ ਉਤਰ ਗਈ ਅਤੇ ਉਹ ਸਟੇਜ ਤੋਂ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ।
ਗਾਇਕ ਗੁਲਾਬ ਸਿੱਧੂ ਨੇ ਸ਼ੋਅ ਦੌਰਾਨ ਹੋਏ ਵਿਵਾਦ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ- “ਬੀਤੀ ਰਾਤ ਜੋ ਵੀ ਹੋਇਆ ਬਹੁਤ ਗਲਤ ਹੋਇਆ। ਮੈਂ ਬਾਪੂ ਜੀ ਨਾਲ ਹਾਂ, ਤੁਹਾਡੇ ਨਾਲ ਜਿਹੜੇ ਵੀ ਵਿਅਕਤੀ ਨੇ ਇਹ ਹਰਕਤ ਕੀਤੀ ਹੈ ਉਸ ਨੂੰ ਮਾਫ਼ ਨਹੀਂ ਕਰਨਾ ਤੇ ਜੇ ਮੇਰੇ ਕਰਕੇ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਮੈਂ ਦਿਲੋਂ ਮਾਫ਼ੀ ਮੰਗਦਾ ਹਾਂ”।
ਜਾਣਕਾਰੀ ਅਨੁਸਾਰ ਚੱਲਦੇ ਸ਼ੋਅ ਦੌਰਾਨ ਸਟੇਜ ਤੇ ਕੁੱਝ ਨੌਜਵਾਨਾਂ ਅਤੇ ਬਜ਼ੁਰਗ ਵਿਅਕਤੀਆਂ ਵੱਲੋਂ ਗੁਲਾਬ ਸਿੱਧੂ ਨਾਲ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਬਾਊਂਸਰਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਲੋਕਾਂ ਨੂੰ ਪਿੱਛੇ ਕੀਤਾ। ਇਸ ਦੌਰਾਨ ਇੱਕ ਬਜ਼ੁਰਗ ਦੀ ਪੱਗ ਉੱਤਰ ਗਈ ਤੇ ਉਹ ਹੇਠਾਂ ਡਿੱਗ ਗਿਆ। ਇਸ ਘਟਨਾ ਤੋਂ ਬਾਅਦ ਲੋਕ ਟਰੈਕਟਰ ਲੈ ਕੇ ਸਟੇਜ ਦੇ ਨੇੜੇ ਪਹੁੰਚ ਗਏ। ਜਿਸ ਤੋਂ ਬਾਅਦ ਗੁਲਾਬ ਸਿੱਧੂ ਨੂੰ ਸ਼ੋਅ ਬੰਦ ਕਰਨਾ ਪਿਆ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਨਤਮਸਤਕ ਹੋਏ ਪੰਜਾਬ ਦੇ ਨਵੇਂ ਮੁੱਖ ਸਕੱਤਰ ਕੇ.ਏ.ਪੀ. ਸਿਨਹਾ
ਹਾਲਾਤ ਵਿਗੜਦੇ ਦੇਖ ਗੁਲਾਬ ਸਿੱਧੂ ਸ਼ੋਅ ਛੱਡ ਕੇ ਕੇ ਜਾ ਰਹੇ ਸਨ ਪਰ ਗਾਇਕ ਦੀਆਂ ਕਈ ਗੱਡੀਆਂ ਵੀ ਉਥੇ ਹੀ ਰੋਕ ਦਿੱਤੀਆਂ ਗਈਆਂ। ਸੂਚਨਾ ਮਿਲਣ ਤੋਂ ਬਾਅਦ ਕਈ ਅਧਿਕਾਰੀ ਮੌਕੇ ’ਤੇ ਪਹੁੰਚੇ। ਕਿਸਾਨ ਅਤੇ ਉਸਦੇ ਪਰਿਵਾਰਕ ਮੈਂਬਰ ਮੰਗ ਕਰ ਰਹੇ ਹਨ ਕਿ ਬਾਊਂਸਰਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਬੁਲਾ ਕੇ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ। ਜੋ ਵੀ ਜ਼ਰੂਰੀ ਹੋਵੇਗਾ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: