ਸੰਗਰੂਰ ਲੋਕ ਸਭਾ ਸੀਟ ‘ਤੇ ਉਪ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਰਣਨੀਤੀ ਤਿਆਰ ਕਰ ਲਈ ਹੈ । ਸੰਗਰੂਰ ਵਿੱਚ ਚੋਣਾਂ ਲਈ CM ਭਗਵੰਤ ਮਾਨ, ਮੰਤਰੀ ਹਰਪਾਲ ਚੀਮਾ ਅਤੇ ਗੁਰਮੀਤ ਸਿੰਘ ਮੀਤ ਮੇਅਰ ਇਹ ਮੋਰਚਾ ਸੰਭਾਲਣਗੇ। ਇਹ ਸੀਟ ਮੁੱਖ ਮੰਤਰੀ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਹੈ ।
ਇਸ ਦੇ ਨਾਲ ਹੀ ‘ਆਪ’ ਉਮੀਦਵਾਰ ਦੇ ਲਈ ਸੀਐਮ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ । ਜਿਨ੍ਹਾਂ ‘ਤੇ ਲਿਖਿਆ ਹੈ-“ਸਾਡੀ ਭੈਣ ਬਣੇਗੀ ਸੰਗਰੂਰ ਦੀ MP।” ਇਨ੍ਹਾਂ ਪੋਸਟਰਾਂ ‘ਤੇ ਇੱਕ ਪਾਸੇ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਵੀ ਲੱਗੀ ਹੋਈ ਹੈ। ਸੰਗਰੂਰ ਸ਼ਹਿਰ ਵਿੱਚ ਲੱਗੇ ਇਨ੍ਹਾਂ ਪੋਸਟਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਕੀ ਸੀਐਮ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਹੋਵੇਗੀ ਸੰਗਰੂਰ ਤੋਂ ਆਪ ਉਮੀਦਵਾਰ ? ਕਿਆਸ ਲਗਾਏ ਜਾ ਰਹੇ ਹਨ ਕਿ ਸੰਗਰੂਰ ਉਪ ਚੋਣ ਦੌਰਾਨ ਆਮ ਆਦਮੀ ਪਾਰਟੀ ਮਨਪ੍ਰੀਤ ਕੌਰ ਨੂੰ ਟਿਕਟ ਦੇ ਸਕਦੀ ਹੈ। ਦੱਸ ਦੇਈਏ ਕਿ ਇਸ ਸੀਟ ਲਈ CM ਮਾਨ ਦੇ ਕਰੀਬੀ ਦੋਸਤ ਪੰਜਾਬੀ ਕਾਮੇਡੀਅਨ ਕਰਮਜੀਤ ਅਨਮੋਲ ਅਤੇ ਇੱਕ ਪੁਲਿਸ ਅਧਿਕਾਰੀ ਦਾ ਨਾਮ ਵੀ ਚਰਚਾ ਵਿੱਚ ਹੈ । ਫਿਲਹਾਲ ‘ਆਪ’ ਨੇ ਇੱਥੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।
ਸੰਗਰੂਰ ਲੋਕ ਸਭਾ ਸੀਟ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਹਨ । ਜਿਸ ਵਿੱਚ CM ਮਾਨ ਧੂਰੀ ਤੋਂ ਵਿਧਾਇਕ ਬਣੇ ਹਨ । ਉੱਥੇ ਹੀ ਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਚੀਮਾ ਦਿੜ੍ਹਬਾ ਅਤੇ ਮੀਤ ਹੇਅਰ ਬਰਨਾਲਾ ਤੋਂ ਵਿਧਾਇਕ ਚੁਣੇ ਗਏ ਹਨ । ਇਸ ਲਈ ਸੰਗਰੂਰ ਤੋਂ ਜਿੱਤਣ ਲਈ ਤਿੰਨੋਂ ਨੇਤਾ ਅਹਿਮ ਭੂਮਿਕਾ ਨਿਭਾਉਣਗੇ। ਬਾਕੀ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਵੀ ਲੋਕਾਂ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ ਸੰਗਰੂਰ ਲੋਕ ਸਭਾ ਸੀਟ ਭਗਵੰਤ ਮਾਨ ਦਾ ਗੜ੍ਹ ਹੈ। ਇੱਥੋਂ ਉਹ ਵੱਡੇ ਫਰਕ ਨਾਲ ਜਿੱਤੇ । 2019 ਵਿੱਚ ਮੋਦੀ ਲਹਿਰ ਵਿੱਚ ਜਦੋਂ ‘ਆਪ’ ਦੇ ਸਾਰੇ ਉਮੀਦਵਾਰ ਹਾਰ ਗਏ ਤਾਂ ਮਾਨ ਇਕੱਲੇ ਹੀ ਸੰਗਰੂਰ ਤੋਂ ਜਿੱਤ ਕੇ ਸੰਸਦ ਵਿੱਚ ਪਹੁੰਚੇ ਸਨ । ਇਸ ਵਾਰ ਵਿਧਾਇਕ ਚੁਣੇ ਜਾਣ ਅਤੇ ਪਾਰਟੀ ਨੂੰ ਬਹੁਮਤ ਦਿਵਾਉਣ ਤੋਂ ਬਾਅਦ ਸੀਟ ਤੋਂ ਅਸਤੀਫਾ ਦੇ ਦਿੱਤਾ । ਜਿਸ ਤੋਂ ਬਾਅਦ ਅਗਲੇ ਮਹੀਨੇ ਚੋਣਾਂ ਕਰਵਾਈਆਂ ਜਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: