ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਮਸਕਟ ਓਮਾਨ ਵਿੱਚ ਵੇਚੀ ਪੰਜਾਬ ਦੀ ਇੱਕ ਹੋਰ ਧੀ ਨੂੰ ਵਾਪਿਸ ਪਰਿਵਾਰ ਵਿੱਚ ਲਿਆਂਦਾ ਗਿਆ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਮੋਗੇ ਤੋਂ ਆਪਣੇ ਪਰਿਵਾਰ ਨਾਲ ਆਈ ਪੀੜਤਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਤ ਹੈ। ਜੋ ਕਿ ਘਰ ਦੀ ਦੁਰਬਤ ਕਾਰਨ ਓਮਾਨ ਗਈ ਸੀ। ਜਿੱਥੇ ਉਸਦੀ ਇੱਕ ਰਿਸ਼ਤੇਦਾਰ ਟ੍ਰੈਵਲ ਏਜੰਟ ਨੇ ਉਸਨੂੰ ਇੱਕ ਹਜ਼ਾਰ ਰਿਆਲ (ਭਾਰਤੀ ਕਰੰਸੀ ਮੁਤਾਬਿਕ 2 ਲੱਖ ਰੁਪਏ) ਵਿੱਚ ਅਰਬੀ ਪਰਿਵਾਰ ਵਿੱਚ ਵੇਚ ਦਿੱਤਾ ਸੀ। ਇਸ ਪੀੜਤਾ ਨੇ ਆਪਣੇ ਦੁਖੜੇ ਸੁਣਾਉਂਦਿਆਂ ਦੱਸਿਆ ਕਿ ਉਸ ਨੂੰ ਸਿਰਫ ਇੱਕ ਮਹੀਨੇ ਦੇ ਵਿਜ਼ੀਟਰ ਵੀਜ਼ੇ ਤੇ ਭੇਜਿਆ ਗਿਆ ਸੀ ਜਦਕਿ ਉਸਨੂੰ 3 ਮਹੀਨਿਆਂ ਦਾ ਕਿਹਾ ਗਿਆ ਸੀ।
ਪੀੜਤਾ ਨੇ ਦੱਸਿਆ ਕਿ 7 ਸਤੰਬਰ 2023 ਨੂੰ ਜਦੋਂ ਉਹ ਓਮਾਨ ਹਵਾਈ ਅੱਡੇ ਤੇ ਉਤਰੀ ਤਾਂ ਉਸ ਨੂੰ ਲੈਣ ਆਏ ਵਿਅਕਤੀ ਵੱਲੋਂ ਉਹਨਾਂ ਕੋਲੋਂ ਮੋਬਾਇਲ ਅਤੇ ਪਾਸਪੋਰਟ ਜ਼ਬਰਦਸਤੀ ਖੋਹ ਲਏ। ਹਵਾਈ ਅੱਡੇ ਤੋਂ ਤਿੰਨ ਘੰਟੇ ਦਾ ਸਫਰ ਤੈਅ ਕਰਕੇ ਉਹਨਾਂ ਨੂੰ ਇੱਕ ਬਹੁ-ਮੰਜ਼ਲੀ ਇਮਾਰਤ ਦੇ ਦਫਤਰ ਵਿੱਚ ਬੰਦ ਕਰ ਦਿੱਤਾ ਗਿਆ। ਪੀੜਤਾ ਨੇ ਦੱਸਿਆ ਕਿ ਉਸ ਨਾਲ ਉੱਥੇ ਇੱਕ ਕੀਨੀਆ ਦੇਸ਼ ਦੀ ਲੜਕੀ ਵੀ ਸੀ। ਪੀੜਤਾ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਜਦੋਂ ਤੱਕ ਵੀਜ਼ੇ ਦੀ ਮਿਆਦ ਸੀ ਉਦੋਂ ਤੱਕ ਤਾਂ ਟ੍ਰੈਵਲ ਏਜੰਟ ਵੱਲੋ ਪੂਰਾ ਖਿਆਲ ਰੱਖਿਆ ਜਾ ਰਿਹਾ ਸੀ। ਪਰ ਜਿਵੇਂ ਹੀ ਉਸਦਾ ਵੀਜ਼ਾ ਖਤਮ ਹੋਇਆ ਤਾਂ ਉਸ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਟ੍ਰੈਵਲ ਏਜੰਟਾਂ ਨੇ ਉਸ ਪ੍ਰਤੀ ਆਪਣਾ ਰਵੱਈਆ ਹੀ ਬਦਲ ਦਿੱਤਾ ਤੇ ਉਸ ਨਾਲ ਕੁੱਟ ਮਾਰ ਸ਼ੁਰੂ ਕਰ ਦਿੱਤੀ।
ਪੀੜਤਾ ਨੇ ਦੱਸਿਆ ਕਿ ਕੰਮ ਦੌਰਾਨ ਹੋਈ ਇਨਫੈਕਸ਼ਨ ਕਾਰਨ ਉਸਦੀ ਸਿਹਤ ਬੁਰੀ ਤਰ੍ਹਾਂ ਨਾਲ ਵਿਘੜ ਗਈ ਸੀ ਤੇ ਜਿਸ ਪਰਿਵਾਰ ਵਿੱਚ ਉਹ ਕੰਮ ਕਰ ਰਹੀ ਸੀ। ਉਹਨਾਂ ਵੱਲੋਂ ਉਸਦਾ ਇਲਾਜ਼ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਸਗੋਂ ਇਸ ਹਲਾਤ ਵਿੱਚ ਵੀ ਉਸ ਕੋਲੋਂ ਜ਼ਬਰਨ ਕੰਮ ਕਰਵਾਇਆ ਜਾ ਰਿਹਾ ਸੀ। ਉਸਨੇ ਦੱਸਿਆ ਕਿ ਉਥੇ ਰਹਿੰਦਿਆ ਉਸਦੀ ਪਰਿਵਾਰ ਨਾਲ ਗੱਲ ਵੀ ਨਹੀ ਸੀ ਕਰਵਾਈ ਜਾਂਦੀ। ਵਾਪਸੀ ਲਈ ਉਹਨਾਂ ਵੱਲੋਂ ਦਿੱਤੇ ਲੱਖਾਂ ਰੁਪਏ ਦਿੱਤੇ ਜਾਣ ਦੇ ਬਾਵਜੂਦ ਵੀ ਵਾਪਿਸ ਨਹੀ ਸੀ ਭੇਜਿਆ ਜਾ ਰਿਹਾ। ਇਸ ਸੰਬੰਧੀ ਪੀੜਤਾ ਦੇ ਪਤੀ ਵੱਲੋਂ 7 ਮਈ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਸੀ ਤੇ ਪਤਨੀ ਬਾਰੇ ਦੱਸਿਆ ਗਿਆ। ਜਿਸ ਤੇ ਸੰਤ ਸੀਚੇਵਾਲ ਵੱਲੋਂ ਤੁਰੰਤ ਕਾਰਵਾਈ ਕਰਦਿਆ ਹੋਇਆ ਇਹ ਲੜਕੀ ਕੁੱਝ ਦਿਨਾਂ ਵਿੱਚ ਹੀ ਵਾਪਿਸ ਆ ਗਈ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਸ਼ਾਮ ਬਦਲੇਗਾ ਮੌਸਮ, ਇਨ੍ਹਾਂ 6 ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ ਜਾਰੀ
ਜਾਣਕਾਰੀ ਦਿੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖਾੜੀ ਦੇਸ਼ਾਂ ਵਿੱਚ ਲੜਕੀਆਂ ਨੂੰ ਭੇਜਣ ਤੋਂ ਗੁਰੇਜ਼ ਕੀਤਾ ਜਾਵੇ। ਉਹਨਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਇਹ ਗੱਲ ਸਖਤੀ ਨਾਲ ਕਹੀ ਕਿ ਟ੍ਰੈਵਲ ਏਜੰਟਾਂ ਹੱਥੋਂ ਸਤਾਈਆਂ ਇਹਨਾਂ ਲੜਕੀਆਂ ਦੇ ਮਾਮਲਿਆਂ ਨੂੰ ਹਮਦਰਦੀ ਨਾਲ ਸੁੁਣਿਆ ਜਾਵੇ ਤੇ ਉਹਨਾਂ ਦੇ ਹੱਲ ਵਾਸਤੇ ਸੁਹਿਰਦ ਯਤਨ ਕੀਤੇ ਜਾਣ। ਉਹਨਾਂ ਇਸ ਲਈ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਦੇ ਯਤਨਾਂ ਸਦਕਾ ਲਗਾਤਾਰ ਇਹਨਾਂ ਲੜਕੀਆਂ ਨੂੰ ਮਾੜੇ ਹਲਾਤਾਂ ਵਿੱਚੋਂ ਕੱਢ ਕਿ ਵਾਪਿਸ ਭੇਜਿਆ ਗਿਆ ਹੈ।
ਪੀੜਤ ਲੜਕੀ ਨੇ ਆਪਣਾ ਦੁੱਖ ਬਿਆਨ ਕਰਦਿਆ ਪੰਜਾਬ ਪੁਲਿਸ ਦੇ ਵਿਵਹਾਰ ਤੇ ਹੈਰਾਨੀ ਪ੍ਰਗਟਾਈ ਕਿ ਜਦੋਂ ਉਹ ਮੋਗਾ ਪੁਲਿਸ ਕੋਲ ਆਪਣੀ ਸ਼ਿਕਾਇਤ ਲੈ ਕੇ ਗਈ ਸੀ ਤਾਂ ਉੁਲਟਾ ਉਸਨੂੰ ਹੀ ਡਰਾਇਆ ਧਮਾਕਿਆ ਗਿਆ। ਪੀੜਤਾ ਨੇ ਦੱਸਿਆ ਕਿ ਜਦੋਂ ਉਸਨੇ ਆਪਣੀ ਸ਼ਿਕਾਇਤ ਕੀਤੀ ਤਾਂ ਪੁਲਿਸ ਅਧਿਕਾਰੀ ਕਹਿਣ ਲੱਗੇ ਇਹਨਾਂ ਬਿਆਨਾਂ ਤੇ ਕਾਰਵਾਈ ਨਹੀ ਕੀਤੀ ਜਾਣੀ ਸਗੋਂ ਉਹਨਾਂ ਬਿਆਨਾਂ ਤੇ ਕਾਰਵਾਈ ਕੀਤੀ ਜਾਵੇਗੀ ਜੋ ਪੁਲਿਸ ਵੱਲੋਂ ਲਿਖੇ ਜਾਣਗੇ। ਉਸਨੇ ਇਹ ਦੋਸ਼ ਵੀ ਲਾਇਆ ਕਿ ਪੁਲਿਸ ਅਧਿਕਾਰੀ ਨੇ ਟ੍ਰੈਵਲ ਏਜੰਟ ਦੀ ਪੱਖ ਪੂਰਦਿਆ ਕਿਹਾ ਕਿ ਉਸ ਵਿਚਾਰੀ ਦੇ ਤਾਂ ਪੈਸੇ ਹੀ ਮਰ ਗਏ ਹਨ, ਜਦਕਿ ਪੀੜਤਾ ਵੱਲੋ ਦਿੱਤੇ ਗਏ ਪੈਸਿਆਂ ਬਾਰੇ ਉਹਨਾਂ ਤੋਂ ਹੀ ਸਵਾਲ ਕੀਤੇ ਗਏ ਕਿ ਇਹ ਕਿੱਥੋਂ ਆਏ। ਪੀੜਤਾ ਨੇ ਕਿਹਾ ਬੇਗਾਨੇ ਮੁਲਕ ਵਿੱਚ ਹੋਏ ਇਸ ਤਸ਼ਦੱਦ ਦਾ ਇਹਨਾਂ ਦੁੱਖ ਨਹੀ ਹੋਇਆ ਜਿੰਨਾ ਆਪਣੇ ਹੀ ਮੁਲਕ ਵਿੱਚ ਇਨਸਾਫ ਲੈਣ ਲਈ ਪੰਜਾਬ ਪੁਲਿਸ ਵੱਲੋਂ ਕੀਤੇ ਵਿਵਹਾਰ ਦਾ ਹੋਇਆ।
ਵੀਡੀਓ ਲਈ ਕਲਿੱਕ ਕਰੋ -: