ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਜਨਰਲ ਸਕੱਤਰ ਨਿਯੁਕਤ ਹੋਣ ਤੋਂ ਬਾਅਦ ਇਕਬਾਲ ਸਿੰਘ ਸੰਧੂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਸਿਰਫ਼ ਇਕ ਸਿਆਸੀ ਅਹੁਦਾ ਨਹੀਂ, ਸਗੋਂ ਸੇਵਾ ਦਾ ਮੌਕਾ ਹੈ, ਜਿਸਨੂੰ ਉਹ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਓਣਗੇ। ਸੰਧੂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ‘ਤੇ ਭਰੋਸਾ ਜ਼ਤਾਇਆ।
ਸੰਧੂ ਨੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਵੀ ਗੰਭੀਰ ਦੋਸ਼ ਲਾਏ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਲੈਸ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਨਿੱਜੀ ਲਾਭ ਲਈ ਅਕਾਲ ਤਖਤ ਦੇ ਅਹੁਦੇ ਦੀ ਮਾਨ ਮਰਿਆਦਾ ਨੂੰ ਠੇਸ ਪਹੁੰਚਾਈ। ਉਨ੍ਹਾਂ ਆਲੋਚਨਾ ਕਰਦਿਆਂ ਕਿਹਾ ਕਿ ਗਿਆਨੀ ਜੀ ਨੇ ਗਰੀਬਾਂ ਨਾਲ ਨਹੀਂ, ਸਗੋਂ ਸਿਰਫ਼ ਰਾਜਸੀ ਚੋਟੀਆਂ ਨਾਲ ਸੰਬੰਧ ਬਣਾਏ, ਜਿਸਦਾ ਨਤੀਜਾ ਅੱਜ ਪਾਰਟੀ ਦੇ ਵੰਡ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਇਕਬਾਲ ਸਿੰਘ ਸੰਧੂ ਨੇ ਅਗਾਹੀ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ 2027 ਨੂੰ ਹੋਣ ਵਾਲੀਆਂ ਚੋਣਾਂ ਵਿੱਚ ਪੂਰੇ ਜੋਸ਼ ਨਾਲ ਹਿੱਸਾ ਲੈ ਰਿਹਾ ਹੈ ਅਤੇ ਉਮੀਦਵਾਰ ਵੀ ਐਲਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਿੱਤ ਦੇ ਲਈ ਪਿੰਡ ਪਿੰਡ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਚੋਣ ਅਕਾਲੀ ਦਲ ਦੀ ਮਜ਼ਬੂਤੀ ਦਾ ਸਬੂਤ ਹੋਣਗੀਆਂ। ਪੰਜਾਬ ਦੇ ਹਾਲਾਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਲੋਕ ਆਪਣੇ ਬੱਚਿਆਂ ਦੀ ਨੌਕਰੀ ਦੀ ਨਹੀਂ, ਸੁਰੱਖਿਆ ਦੀ ਅਰਦਾਸ ਕਰਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਜੋ ਅਮਨ, ਕਾਨੂੰਨ ਅਤੇ ਵਿਕਾਸ ਲਿਆਵੇਗੀ।
ਇਹ ਵੀ ਪੜ੍ਹੋ : ਖੰਨਾ ‘ਚ ਵਕੀਲ ‘ਤੇ ਗੁਆਂਢੀ ਨੇ ਕੀਤਾ ਜਾ.ਨਲੇ/ਵਾ ਹ/ਮ/ਲਾ, ਸ਼ਖਸ ਨੂੰ ਬਚਾਉਣ ਆਈ ਮਾਂ ਤੇ ਪਤਨੀ ਨੂੰ ਵੀ ਕੀਤਾ ਜ਼ਖਮੀ
ਸੰਧੂ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੇ ਸਦਾ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ ਲੰਬੀ ਲੜਾਈ ਲੜ ਕੇ ਅਕਾਲੀ ਦਲ ਨੇ ਸਾਬਤ ਕੀਤਾ ਕਿ ਇਹ ਪਾਰਟੀ ਪੰਜਾਬ ਦੇ ਲੋਕਾਂ ਦੀ ਪੱਕੀ ਹਮਦਰਦ ਹੈ। ਅੰਤ ਵਿੱਚ, ਇਕਬਾਲ ਸਿੰਘ ਸੰਧੂ ਨੇ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਇਕੱਠੇ ਹੋਣ ਦਾ ਅਹਵਾਨ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਮਾਣ ਤੇ ਮਰਿਆਦਾ ਨਾਲ ਭਰਪੂਰ ਸਰਕਾਰ ਦੇਖਣਗੇ।
ਵੀਡੀਓ ਲਈ ਕਲਿੱਕ ਕਰੋ -:
























