ਉਪ ਮੰਡਲ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਕਮਾਲੂ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪੁੱਤਰ ਆਪਣੇ ਹੀ ਪਿਤਾ ਦੀ ਜਾਨ ਦਾ ਵੈਰੀ ਬਣ ਗਿਆ। ਇੱਥੇ ਕਣਕ ਵੇਚਣ ਨੂੰ ਲੈ ਕੇ ਪਿਓ-ਪੁੱਤ ਵਿਚਾਲੇ ਬਹਿਸਬਾਜ਼ੀ ਦੌਰਾਨ ਪੁੱਤ ਨੇ ਆਪਣੇ ਪਿਓ ‘ਤੇ ਫਾਇਰਿੰਗ ਕਰ ਦਿੱਤੀ, ਜਿਸ ‘ਚ ਪਿਓ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਪੁੱਤ ਮੌਕੇ ‘ਤੇ ਫਰਾਰ ਹੋਗਿਆ। ਜ਼ਖਮੀ ਪਿਓ ਨੂੰ ਬਠਿੰਡਾ ਏਮਜ਼ ਵਿਖੇ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇੱਕ ਖੇਤ ਵਿੱਚ ਕਣਕ ਦੀ ਕਟਾਈ ਕਰਦੇ ਸਮੇਂ ਕਣਕ ਵੇਚਣ ਨੂੰ ਲੈ ਕੇ ਪਿਉ ਅਤੇ ਪੁੱਤ ਵਿਚਕਾਰ ਆਪਸੀ ਬਹਿਸਬਾਜ਼ੀ ਹੋਈ। ਬਹਿਸ ਇੰਨੀ ਵੱਧ ਗਈ ਕਿ ਗੁੱਸੇ ਵਿੱਚ ਆਏ ਪੁੱਤ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਪਿਉ ਦੇ ਤਿੰਨ ਗੋਲੀਆਂ ਮਾਰੀ ਦਿੱਤੀਆਂ। ਜਿਹਨਾਂ ਵਿੱਚੋਂ ਦੋ ਉਸ ਦੀ ਛਾਤੀ ਵਿੱਚ ਅਤੇ ਇੱਕ ਗੋਲੀ ਪੱਟ ਵਿਚ ਵੱਜੀ। ਜ਼ਖਮੀ ਦੀ ਪਛਾਣ ਸੁਖਪਾਲ ਸਿੰਘ ਪੁੱਤਰ ਵਿਸਾਖਾ ਸਿੰਘ ਵਜੋਂ ਹੋਈ ਹੈ।
ਘਟਨਾ ਦਾ ਪਤਾ ਲੱਗਦੇ ਹੀ ਸਥਾਨਕ ਹੈਲਪ ਲਾਈਨ ਵੈਲਫੇਅਰ ਸੁਸਾਇਟੀ ਦੇ ਬੌਬੀ ਲੈਹਰੀ ਪ੍ਰਧਾਨ ਆਪਣੇ ਵਲੰਟੀਅਰਜ਼ ਕਾਲਾ ਬੰਗੀ, ਰਿੰਕਾ ਮਿਸਤਰੀ ਸਮੇਤ ਅੰਬੂਲੈਂਸ ਲੈ ਕੇ ਪਹੁੰਚੇ ਅਤੇ ਜ਼ਖਮੀ ਬਜ਼ੁਰਗ ਸੁਖਪਾਲ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਕਮਾਲੂ ਨੂੰ ਸਿਵਿਲ ਹਸਪਤਾਲ ਰਾਮਾਂ ਮੰਡੀ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਏਮਜ਼ ਹਸਪਤਾਲ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮਲੋਟ ਦੇ ਪਿੰਡ ਅਬੁਲ ਖੁਰਾਣਾ ‘ਚ ਡ.ਬਲ ਮ.ਰਡ.ਰ, ਪਿਓ-ਪੁੱਤਰ ਦਾ ਗੋ.ਲੀ.ਆਂ ਮਾ.ਰ ਕੇ ਕੀਤਾ ਕ.ਤ.ਲ
ਜ਼ਖਮੀ ਸੁਖਪਾਲ ਸਿੰਘ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਹ ਕਣਕ ਘਰ ਵਿੱਚ ਰੱਖਣਾ ਚਾਹੁੰਦਾ ਸੀ ਅਤੇ ਉਸਦਾ ਛੋਟਾ ਲੜਕਾ ਜਗਤਾਰ ਸਿੰਘ ਸਾਰੀ ਕਣਕ ਵੇਚਣ ਦੀ ਜ਼ਿੱਦ ਤੇ ਅੜਿਆ ਹੋਇਆ ਸੀ। ਗੁੱਸੇ ਵਿੱਚ ਆਏ ਜਗਤਾਰ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਉਸਦੇ ਤਿੰਨ ਫਾਇਰ ਮਾਰੇ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸਬੰਧੀ ਰਾਮਾ ਮੰਡੀ ਥਾਣੇ ਦੇ ਥਾਣਾ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਜ਼ਖਮੀ ਸੁਖਪਾਲ ਸਿੰਘ ਬਿਆਨਾਂ ਦੇ ਆਧਾਰ ਤੇ ਜਗਤਾਰ ਸਿੰਘ ਵਿਰੁੱਧ ਇਰਾਦਾ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























