ਪੰਜਾਬ ਦੇ ਸੰਗਰੂਰ ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਿਤਾ ਵੱਲੋਂ ਆਪਣੀ 9 ਸਾਲ ਦੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਮੁਲਜ਼ਮ ਮ੍ਰਿਤਕ ਦਾ ਮਤਰੇਆ ਪਿਤਾ ਸੀ। ਲੜਕੀ ਦੀ ਮਾਂ ਅਤੇ ਨਾਨਾ-ਨਾਨੀ ਦਾ ਦੋਸ਼ ਹੈ ਕਿ ਮਤਰੇਆ ਪਿਓ ਲੜਕੀ ਨੂੰ ਪਸੰਦ ਨਹੀਂ ਕਰਦਾ ਸੀ, ਜਿਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ, ਹਾਲਾਂਕਿ ਮੁਲਜ਼ਮ ਫਰਾਰ ਹੈ।
ਲੜਕੀ ਦੀ ਮਾਂ ਨੇਹਾ ਨੇ ਦੱਸਿਆ ਕਿ 28 ਸਤੰਬਰ ਨੂੰ ਉਸ ਦੀ ਲੜਕੀ ਆਪਣੇ ਮਤਰੇਏ ਪਿਤਾ ਨਾਲ ਸਕੇਟਿੰਗ ਕਰਨ ਗਈ ਸੀ। ਜਦੋਂ ਉਹ ਦੇਰ ਰਾਤ ਘਰ ਪਰਤਿਆ ਤਾਂ ਲੜਕੀ ਬੇਹੋਸ਼ ਪਈ ਸੀ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰ ਇਸ ਤੋਂ ਪਹਿਲਾਂ ਹੀ ਦੋਸ਼ੀ ਉਥੋਂ ਫਰਾਰ ਹੋ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਮਾਂ ਨੇਹਾ ਨੇ ਦੱਸਿਆ ਕਿ ਇਹ ਉਸਦਾ ਦੂਜਾ ਵਿਆਹ ਸੀ। ਪਰ ਦੋਸ਼ੀ ਨੂੰ ਬੇਟੀ ਪਸੰਦ ਨਹੀਂ ਸੀ। ਰੋਜ਼ਾਨਾ ਦੀ ਤਰ੍ਹਾਂ ਮਤਰੇਆ ਪਿਤਾ ਆਪਣੀ ਬੇਟੀ ਨੂੰ ਸਕੇਟਿੰਗ ਲਈ ਲੈ ਗਿਆ ਸੀ। ਜਦੋਂ ਸ਼ਾਮ 7 ਵਜੇ ਤੱਕ ਵੀ ਦੋਵੇਂ ਵਾਪਸ ਨਹੀਂ ਆਏ ਤਾਂ ਨੇਹਾ ਨੇ ਆਪਣੇ ਪਤੀ ਨੂੰ ਫੋਨ ਕਰਕੇ ਪੁੱਛਿਆ ਕਿ ਉਹ ਅਜੇ ਤੱਕ ਕਿਉਂ ਨਹੀਂ ਆਏ। ਇਸ ‘ਤੇ ਦੋਸ਼ੀ ਨੇ ਜਵਾਬ ਦਿੱਤਾ ਕਿ ਅਸੀਂ ਜਲਦੀ ਹੀ ਪਹੁੰਚ ਜਾਵਾਂਗੇ।
ਜਦੋਂ ਇਕ ਘੰਟੇ ਬਾਅਦ ਵੀ ਦੋਵੇਂ ਘਰ ਨਹੀਂ ਪਹੁੰਚੇ ਤਾਂ ਨੇਹਾ ਨੇ ਫਿਰ ਫੋਨ ਕੀਤਾ, ਇਸ ਵਾਰ ਦੋਸ਼ੀ ਨੇ ਕਿਹਾ ਕਿ ਅਸੀਂ ਘੁੰਮ ਰਹੇ ਹਾਂ, ਕੁਝ ਸਮਾਂ ਹੋਰ ਲੱਗੇਗਾ। ਫਿਰ ਕਰੀਬ ਪੌਣੇ 9 ਵਜੇ ਮਹਿਲਾ ਨੇ ਦੁਬਾਰਾ ਫੋਨ ਕੀਤਾ ਤਾਂ ਦੋਸ਼ੀ ਪਿਤਾ ਨੇ ਹੇਠਾਂ ਬੁਲਾਇਆ। ਜਦੋਂ ਨੇਹਾ ਹੇਠਾਂ ਆਈ ਤਾਂ ਦੇਖਿਆ ਕਿ ਉਸ ਦੀ ਬੇਟੀ ਬੇਹੋਸ਼ ਪਈ ਸੀ। ਪਤੀ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਮਾਨਵੀ ਨਾਲ ਕੀ ਹੋਇਆ, ਸ਼ਾਇਦ ਪੀਜ਼ਾ ਖਾਣ ਕਾਰਨ ਅਜਿਹਾ ਹੋਇਆ ਹੋਵੇਗਾ।
ਇਹ ਵੀ ਪੜ੍ਹੋ : ਜਲੰਧਰ ਪੁਲਿਸ ਨੇ ਫਰਜ਼ੀ ਡਿਗਰੀਆਂ ਬਣਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਮਾਸਟਰਮਾਈਂਡ ਸਣੇ 2 ਨੂੰ ਕੀਤਾ ਕਾਬੂ
ਨੇਹਾ ਨੇ ਜਲਦੀ ਤੋਂ ਜਲਦੀ ਹਸਪਤਾਲ ਜਾਣ ਲਈ ਕਿਹਾ ਅਤੇ ਗੁਆਂਢੀਆਂ ਨੂੰ ਵੀ ਮਾਨਵੀ ਦੀ ਸਿਹਤ ਖਰਾਬ ਹੋਣ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਨੇਹਾ ਅਤੇ ਮਤਰੇਆ ਪਿਓ ਕਾਰ ‘ਚ ਬੈਠ ਕੇ ਹਸਪਤਾਲ ਲਈ ਰਵਾਨਾ ਹੋ ਗਏ। ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਉਥੇ ਜਾ ਕੇ ਡਾਕਟਰ ਨੇ ਲੜਕੀ ਨੂੰ ਜਲਦੀ ਤੋਂ ਜਲਦੀ ਕਿਸੇ ਹੋਰ ਹਸਪਤਾਲ ਵਿਚ ਦਿਖਾਉਣ ਲਈ ਕਿਹਾ। ਜਦੋਂ ਨੇਹਾ ਡਾਕਟਰਾਂ ਨਾਲ ਗੱਲ ਕਰ ਰਹੀ ਸੀ ਤਾਂ ਮੁਲਜ਼ਮ ਆਪਣੀ ਮਤਰੇਈ ਧੀ ਅਤੇ ਪਤਨੀ ਨੂੰ ਨਿੱਜੀ ਹਸਪਤਾਲ ਵਿੱਚ ਛੱਡ ਕੇ ਭੱਜ ਗਿਆ। ਹਸਪਤਾਲ ਪਹੁੰਚੇ ਇੱਕ ਗੁਆਂਢੀ ਨੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਹਾਲਾਂਕਿ ਜਦੋਂ ਤੱਕ ਉਹ ਸਿਵਲ ਹਸਪਤਾਲ ਪੁੱਜੇ, ਉਦੋਂ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ।
ਮਾਮਲੇ ਸਬੰਧੀ ਸੰਗਰੂਰ ਦੇ ਥਾਣਾ ਸਦਰ ਦੇ ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੀ ਸ਼ਿਕਾਇਤ ’ਤੇ ਮਤਰੇਆ ਪਿਓ ਖ਼ਿਲਾਫ਼ ਧਾਰਾ 103 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: