ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਲਈ ਪੰਜਾਬ ਦੌਰੇ ’ਤੇ ਹਨ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਅੱਜ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਸਬੰਧੀ 6 ਗਾਰੰਟੀਆਂ ਦਾ ਐਲਾਨ ਕੀਤਾ ਗਿਆ ਹੈ । ਇਸੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੇਜਰੀਵਾਲ ‘ਤੇ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਹੈ।
ਦਰਅਸਲ, ਸੁਖਬੀਰ ਬਾਦਲ ਨੇ ਟਵੀਟ ਕਰ ਕੇ ਕੇਜਰੀਵਾਲ ਵੱਲੋਂ ਕੀਤੇ ਗਏ 6 ਗ੍ਰੰਟੀਆਂ ਦੇ ਐਲਾਨ ‘ਤੇ ਹਮਲਾ ਬੋਲਿਆ ਗਿਆ ਹੈ। ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਹੁਣੇ ਹੁਣੇ ਅਰਵਿੰਦ ਕੇਜਰੀਵਾਲ ਦੇ ਹੈਲਥ ਬੁਲੇਟਿਨ ਨੂੰ ਸੁਣਿਆ ਹੈ, ਜਿਹੜਾ ਕਿ ਅਕਾਲੀ ਦਲ ਵੱਲੋਂ 3 ਅਗਸਤ ਨੂੰ ਪਹਿਲਾਂ ਤੋਂ ਹੀ ਕੀਤੇ ਗਏ ਸਾਰੇ ਵਾਅਦਿਆਂ ਦਾ ਹਿੰਦੀ ਅਨੁਵਾਦ ਹੈ ।
ਅਨੁਵਾਦ ਦੇ ਹਿੱਸੇ ਨੂੰ ਛੱਡ ਕੇ, ਕੀਤੇ ਗਏ ਐਲਾਨਾਂ ਵਿੱਚ ਕੁਝ ਵੀ ਨਵਾਂ ਨਹੀਂ ਹੈ । ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਨੌਟੰਕੀਬਾਜ਼ ਨੇ ਸ਼ੋਅ ਕੀਤਾ ਹੈ ਕਿ ਮੈਂ ਝੂਠ ਨਹੀਂ ਬੋਲਤਾ, ਅਤੇ ਫਿਰ ਫਲਾਈਓਵਰ ਹਸਪਤਾਲ ਬਣਾਉਣ ਅਤੇ ਪਹਿਲਾਂ ਤੋਂ ਚੱਲ ਰਹੀਆਂ ਯੋਜਨਾਵਾਂ ਨੂੰ ਨਵਾਂ ਦੱਸਦਿਆਂ ਵੱਡਾ ਝੂਠ ਬੋਲਿਆ ਹੈ ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ‘ਚ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, 1 ਲੱਖ 65 ਹਜ਼ਾਰ ਪ੍ਰਵਾਸੀਆਂ ਨੂੰ ਪੱਕਾ ਕਰੇਗੀ ਸਰਕਾਰ
ਆਰ.ਟੀ.ਆਈ. ਨੇ ਪਹਿਲਾਂ ਹੀ ਇਸਦੇ ਝੂਠਾਂ ਦਾ ਪਰਦਾਫਾਸ਼ ਕੀਤਾ ਹੈ ਕਿ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਕੋਈ ਨਵਾਂ ਫਲਾਈਓਵਰ ਤੇ ਹਸਪਤਾਲ ਨਹੀਂ ਬਣਾਇਆ ਗਿਆ ।
ਇਸ ਤੋਂ ਅੱਗੇ ਸੁਖਬੀਰ ਨੇ ਕਿਹਾ ਕਿ ਪੰਜਾਬ ਕਾਂਗਰਸ ਤੇ ਆਮ ਆਦਮੀ ਪਾਰਟੀ ਅੰਦਰ ਆਤਮ ਵਿਸ਼ਵਾਸ ਦੀ ਘਾਟ ਅਤੇ ਪੰਜਾਬ ਬਾਰੇ ਸਮਝ ਬਹੁਤ ਘੱਟ ਹੈ, ਇਹੀ ਕਾਰਨ ਹੈ ਕਿ ਪੰਜਾਬ ਵਿੱਚ ਮਾਮੂਲੀ ਐਲਾਨ ਕਰਨ ਲਈ ਵੀ ਉਨ੍ਹਾਂ ਨੂੰ ਦਿੱਲੀ ਤੋਂ ਰਿੰਗ ਮਾਸਟਰਾਂ ਨੂੰ ਬੁਲਾਉਣਾ ਪੈਂਦਾ ਹੈ ।
ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਪੰਜਾਬੀਆਂ ਨੂੰ ਉਨ੍ਹਾਂ ‘ਤੇ ਬਿਲਕੁਲ ਵੀ ਭਰੋਸਾ ਨਹੀਂ ਹੈ। ਆਪਣੇ ਸਵੈ-ਮਾਣ ਨੂੰ ਬਰਕਰਾਰ ਰੱਖਣ ਵਾਲੇ ਪੰਜਾਬੀ ਇਨ੍ਹਾਂ ਬਾਹਰੀ ਲੋਕਾਂ ਨੂੰ ਕਦੇ ਮੂੰਹ ਨਹੀਂ ਲਗਾਉਣਗੇ।