Tanveer’s body missing : ਬਲਾਚੌਰ : 5 ਦਿਨਾਂ ਤੋਂ ਲਾਪਤਾ ਹੋਏ ਤਨਵੀਰ ਦੀ ਲਾਸ਼ ਮੰਗਲਵਾਰ ਨੂੰ ਸਰਹਿੰਦ ਪੁਲਿਸ ਨੂੰ ਪਿੰਡ ਮਲਕਪੁਰ ਤੋਂ ਲੰਘਦੀ ਨਹਿਰ ਤੋਂ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ‘ਚ ਰਖਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 30 ਅਕਤੂਬਰ ਨੂੰ ਤਰਨਵੀਰ ਘਰ ਤੋਂ 2000 ਰੁਪਏ ਲੈ ਲਗਭਗ ਸ਼ਾਮ ਦੇ 5 ਵਜੇ ਕੇ ਪੇਂਟ ਖਰੀਦਣ ਗਿਆ ਸੀ ਤੇ ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਹੀਂ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਇਹ ਜਾਣਕਾਰੀ ਮਿਲੀ ਸੀ ਕਿ ਕੋਈ ਚਿੱਟੀ ਰੰਗ ਦੀ ਕਾਰ ਉਸ ਨੂੰ ਬਿਠਾ ਕੇ ਆਪਣੇ ਨਾਲ ਲੈ ਗਈ ਸੀ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੀ ਕਾਰ ‘ਚ ਤਨਵੀਰ ਬੈਠ ਕੇ ਗਿਆ ਹੈ ਉਹ ਤਨਵੀਰ ਦੇ ਗੁਆਂਢੀਆਂ ਦੀ ਹੈ ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਮੰਗਲਵਾਰ ਨੂੰ ਜਦੋਂ ਤਨਵੀਰ ਦੀ ਮੌਤ ਦੀ ਖਬਰ ਪੂਰੇ ਇਲਾਕੇ ‘ਚ ਫੈਲੀ ਤਾਂ ਲੋਕਾਂ ‘ਚ ਸੋਗ ਦੀ ਲਹਿਰ ਦੇ ਨਾਲ-ਨਾਲ ਗੁੱਸਾ ਵੀ ਸੀ। ਤਨਵੀਰ ਦੇ ਮਾਮਾ ਗੁਰਪ੍ਰੀਤ ਸਿੰਘ ਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਬਲਾਚੌਰ ਦਾ ਦੁਪਹਿਰ ਨੂੰ ਫੋਨ ਆਇਆ ਕਿ ਘਰ ਦਾ ਕੋਈ ਵੀ ਮੈਂਬਰ ਉਨ੍ਹਾਂ ਕੋਲ ਨਾ ਆਏ ਕਿਤੇ ਜਾਣਾ ਹੈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਰਮਵੀਰ ਸਿੰਘ ਡੀ. ਐੱਸ. ਪੀ. ਨਾਲ ਚਲਾ ਗਿਆ। ਰਸਤੇ ‘ਚ ਡੀ. ਐੱਸ. ਪੀ. ਨੇ ਉਨ੍ਹਾਂ ਨੂੰ ਦੱਸਿਆ ਕਿ ਤਨਵੀਰ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਲਾਸ਼ ਫਤਿਹਗੜ੍ਹ ਸਾਹਿਬ ਕੋਲ ਮਿਲੀ ਹੈ। ਉਥੇ ਸ਼ਹਿਰ ‘ਚ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਲੋਕਾਂ ‘ਚ ਗੁੱਸਾ ਦਿਖਾਈ ਦਿੱਤਾ।
ਲੋਕਾਂ ਨੇ ਕਿਹਾ ਕਿ ਜਿਸ ਕਾਰ ‘ਚ ਬੈਠ ਕੇ ਤਨਵੀਰ ਜਾਂਦਾ ਹੋਇਆ ਦਿਖਾਈ ਦਿੱਤਾ ਸੀ ਉਸ ਦੇ ਮਾਲਕ ਨੂੰ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਉਸ ‘ਤੇ ਕੀ ਕਾਰਵਾਈ ਕੀਤੀ ਗਈ ਇਸ ਬਾਰੇ ਕਿਸੇ ਕੁਝ ਵੀ ਪਤਾ ਨਹੀਂ ਹੈ। ਇਸ ਬਾਰੇ ਡੀ. ਐੱਸ. ਪੀ. ਬਲਾਚੌਰ ਦਵਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਮਾਮਲੇ ‘ਚ ਜੋ ਵੀ ਦੋਸ਼ੀ ਪਾਏ ਜਾਣਗੇ ਉਨ੍ਹਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਜਦੋਂ ਡੀ. ਐੱਸ. ਪੀ. ਤੋਂ ਕਾਰ ਮਾਲਕ ‘ਤੇ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।