ਪੰਜਾਬ ਦੇ ਤਰਨ ਤਾਰਨ ਦੇ ਪਿੰਡ ਮੱਲਾਂ ਦਾ ਰਹਿਣ ਵਾਲਾ ਨੌਜਵਾਨ ਸਿਕੰਦਰ ਜੋ ਕਿ ਘਰ ਦੇ ਹਾਲਾਤਾਂ ਨੂੰ ਸੁਧਾਰਨ ਲਈ ਰੂਸ ਗਿਆ ਸੀ, ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਪੀੜਤ ਪਰਿਵਾਰ ਵੱਲੋਂ ਸਰਕਾਰ ਪਾਸੋਂ ਨੌਜਵਾਨ ਦੀ ਜਲਦ ਰਿਹਾਈ ਕਰਨ ਦੀ ਗੁਹਾਰ ਲਗਾਈ ਜਾ ਰਹੀ ਹੈ।
ਪਰਿਵਾਰ ਨੇ ਦੱਸਿਆ ਕਿ ਸਿਕੰਦਰ ਘਰ ਦੇ ਹਾਲਾਤਾਂ ਨੂੰ ਸੁਧਾਰਨ ਰੂਸ ਗਿਆ ਸੀ ਅਤੇ ਉੱਥੇ ਜੇ ਗਲੈਕ ਸਟੋਰ ਨਾਮਕ ਕੰਪਨੀ ਵਿੱਚ ਮਿਹਨਤ ਮਜ਼ਦੂਰੀ ਦਾ ਕੰਮ ਕਰਨ ਲੱਗ ਪਿਆ। ਇਸ ਦੌਰਾਨ ਸਿਕੰਦਰ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਵੱਲੋਂ ਕਰਜਾ ਚੁੱਕ ਕੇ ਮੋਤੀ ਰਕਮ ਵੀ ਖਰਚ ਕੀਤੀ ਗਈ। ਸਿਕੰਦਰ ਹਰ ਦੂਸਰੇ ਦਿਨ ਘਰ ਫੋਨ ਕਰਕੇ ਹਾਲ-ਚਾਲ ਪੁੱਛਦਾ ਸੀ। ਪਰ ਬੀਤੇ ਅਪ੍ਰੈਲ ਮਹੀਨੇ ਵਿੱਚ ਉਸ ਦਾ ਕੋਈ ਵੀ ਫੋਨ ਨਾ ਆਉਣ ਕਰਕੇ ਉਹ ਪ੍ਰੇਸ਼ਾਨ ਸਨ। ਜਦੋਂ ਸਿਕੰਦਰ ਦੇ ਦੋਸਤ ਰਾਹੀਂ ਪਤਾ ਲਗਾਇਆ ਗਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਿਕੰਦਰ ਰੂਸ ਪੁਲਿਸ ਦੀ ਹਿਰਾਸਤ ਵਿੱਚ ਹੈ।
ਪਰਿਵਾਰ ਨੇ ਦੱਸਿਆ ਕਿ ਸਿਕੰਦਰ ਸਿੰਘ ਜਦੋਂ ਕੰਮ ‘ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਮੁੰਡੇ-ਕੁੜੀਆਂ ਦੇ ਇੱਕ ਲੋਕਲ ਗਰੁੱਪ ਵੱਲੋਂ ਉਸ ਪਾਸੋਂ ਰਸ਼ੀਅਨ ਕਰੰਸੀ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਸਬੰਧ ਵਿੱਚ ਜਦੋਂ ਸਿਕੰਦਰ ਨਜ਼ਦੀਕੀ ਮੈਟਰੋ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਗਿਆ ਤਾਂ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈਦੇ ਹੋਏ ਕਿਹਾ ਗਿਆ ਕਿ ਤੇਰੇ ਖਿਲਾਫ਼ ਛੇੜਛਾੜ ਕਰਨ ਸਬੰਧੀ ਸ਼ਿਕਾਇਤ ਮਿਲੀ ਹੈ।
ਇਹ ਵੀ ਪੜ੍ਹੋ : ਡਿਜੀਟਲ ਅਰੈਸਟ ਮਾਮਲਿਆਂ ‘ਤੇ ਸੁਪਰੀਮ ਕੋਰਟ ਸਖਤ, CBI ਨੂੰ ਦਿੱਤੇ ਵੱਡੇ ਹੁਕਮ
ਪਰ ਸਿਕੰਦਰ ਨੂੰ ਰੂਸ ਦੀ ਭਾਸ਼ਾ ਨਾ ਆਉਣ ਕਰਕੇ ਉਹ ਪੁਲਿਸ ਨੂੰ ਆਪਣੀ ਪੂਰੀ ਗੱਲ ਸਮਝਾ ਨਹੀਂ ਪਾਇਆ, ਜਿਸ ਦੇ ਚੱਲਦਿਆਂ ਪੁਲਿਸ ਨੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਸਿਕੰਦਰ ਅਪ੍ਰੈਲ ਮਹੀਨੇ ਤੋਂ ਜੇਲ੍ਹ ਵਿੱਚ ਬੰਦ ਹੈ। ਘਰ ਵਿੱਚ ਮੌਜੂਦ ਬਜ਼ੁਰਗ ਮਾਤਾ-ਪਿਤਾ ਨੇ ਸਰਕਾਰ ਤੋਂ ਇਲਾਵਾ ਵੱਖ-ਵੱਖ ਸਮਾਜਿਕ ਜਥੇਬੰਦੀਆਂ ਪਾਸੋਂ ਸਿਕੰਦਰ ਦੀ ਜਲਦ ਤੋਂ ਜਲਦ ਰਿਹਾਈ ਅਤੇ ਉਸਨੂੰ ਭਾਰਤ ਲਿਆਉਣ ਸਬੰਧੀ ਗੁਹਾਰ ਲਗਾਈ ਹੈ।
ਵੀਡੀਓ ਲਈ ਕਲਿੱਕ ਕਰੋ -:
























