Terrible fire in : ਸ਼ਹਿਰ ਖਮਾਣੋਂ ਵਿਖੇ ਬੱਸ ਸਟੈਂਡ ਨੇੜੇ ਮਨਪ੍ਰੀਤ ਟਰੇਡਿੰਗ ਕੰਪਨੀ ਨਾਂ ਦੀ ਦੁਕਾਨ ‘ਚ ਸਵੇਰੇ ਲਗਭਗ 4 ਵਜੇ ਭਿਆਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮਾਲਕ ਮਨਪ੍ਰੀਤ ਸਿੰਘ ਨੇ ਕਿਹਾ ਕਿ ਅੱਗ ਕਾਰਨ ਉਨ੍ਹਾਂ ਦਾ ਦੁਕਾਨ ‘ਚ ਪਿਆ ਲਗਭਗ ਕਰੋੜ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਪਰ ਨਾਲ ਹੀ ਦੁਕਾਨ ਦੇ ਮਾਲਕ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਹੁਤ ਦੇਰ ਨਾਲ ਮੌਕੇ ‘ਤੇ ਪੁੱਜੀਆਂ ਜਿਸ ਕਾਰਨ ਅੱਗ ਬੁਝਾਉਣ ‘ਚ ਕਾਫੀ ਸਮਾਂ ਲੱਗਾ।
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ ‘ਤੇ ਕਾਬੂ ਪਾਉਣ ਲਈ ਲਗਭਗ 5 ਘੰਟੇ ਦਾ ਸਮਾਂ ਲੱਗਾ। ਮੌਕੇ ‘ਤੇ ਪਹੁੰਚੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਘਟਨਾ ਨੂੰ ਮੰਦਭਾਗਾ ਦੱਸਿਆ ਤੇ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀ. ਆਗੂ ਸੁਖਦੇਵ ਸਿੰਘ ਗਗੜਵਾਲ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਖਮਾਣੋਂ ਵਿਖੇ ਜਦੋਂ ਵੀ ਕੋਈ ਅਜਿਹੀ ਅਨਹੋਣੀ ਘਟਨਾ ਵਾਪਰਦੀ ਹੈ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮਰਾਲਾ ਜਾਂ ਗੋਬਿੰਦਗੜ੍ਹ ਤੋਂ ਮੰਗਵਾਉਣੀਆਂ ਪੈਂਦੀਆਂ ਹਨ ਜਿਸ ਕਾਰਨ ਆਉਣ ‘ਚ ਕਾਫੀ ਸਮਾਂ ਲੱਗ ਜਾਂਦਾ ਹੈ। ਜੇਕਰ ਸਮੇਂ ਸਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਜਾਂਦੀਆਂ ਤਾਂ ਨੁਕਸਾਨ ਘੱਟ ਹੋਣਾ ਸੀ।