The deeds performed :ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ 100 ਸਾਲਾ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾ ਰਹੀ ਹੈ। ਜਿਸ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੁਹੱਲਾ ਕੱਢਿਆ ਗਿਆ। ਇਹ ਮੁਹੱਲਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕੋਰੜੀ ਦੀ ਅਗਵਾਈ ‘ਚ ਗੁਰਦੁਆਰਾ ਬਾਬਾ ਫੂਲਾ ਸਿੰਘ ਅਕਾਲੀ ਨਾਲ ਨਗਾੜਿਆਂ ਦੀ ਗੂੰਝ ‘ਚ ਸ਼ੁਰੂ ਹੋਇਆ। ਮੁਹੱਲਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ‘ਚ ਮੀਂਹ ਦੇ ਬਾਵਜੂਦ ਵੀ ਰੌਣਕਾਂ ਲੱਗੀਆਂ ਰਹੀਆਂ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ। ਸ੍ਰੀ ਅਖੰਡ ਪਾਠ ਦੇ ਭੋਗ 17 ਨਵੰਬਰ ਨੂੰ ਪਾਏ ਜਾਣਗੇ।
ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਭਾਈ ਰਾਮ ਸਿੰਘ ਭਗਵੰਤ ਸਿੰਘ ਸਿਆਲਕਾ ਅਜੈਬ ਸਿੰਘ ਅਭਿਆਸੀ ਸਕੱਤਰ ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ ਕੁਲਦੀਪ ਸਿੰਘ ਅਤੇ ਹੋਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੌਜੂਦ ਹੋਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ 17 ਨਵੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਤਾਬਦੀ ਸਮਾਗਮ ਨੂੰ ਲੈ ਕੇ ਮੁੱਖ ਸਮਾਗਮ ਕਰਵਾਏ ਜਾਣਗੇ। ਜਿਸ ਵਿਚ ਸਿੰਘ ਸਾਹਿਬਾਨ ਅਤੇ ਸਿੱਖ ਪੰਥ ਦੀਆਂ ਅਹਿਮ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਬਾਬਾ ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਪੂਰਨ ਤੇ ਸ਼ਾਂਤਮਈ ਹੈ। ਹਰ ਸਿੱਖ ਨੂੰ ਕੌਮ ਦੀ ਬੇਹਤਰੀ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।
ਮੁਹੱਲੇ ‘ਚ ਸ਼ਾਮਲ ਨਿਹੰਗਾਂ ਵੱਲੋਂ ਆਪਣੇ ਵੱਖ-ਵੱਖ ਰਵਾਇਤੀ ਹਥਿਆਰ ਵੀ ਚੁੱਕੇ ਹੋਏ ਸਨ। ਮੁਹੱਲਾ ਪੂਰੀ ਤਰ੍ਹਾਂ ਜੰਗੀ ਮਾਹੌਲ ਪ੍ਰਦਰਸ਼ਿਤ ਕਰ ਰਿਹਾ ਸੀ। ਵੱਡੀ ਗਿਣਤੀ ‘ਚ ਨਿਹੰਗ ਪੈਦਲ ਇਸ ‘ਚ ਸ਼ਾਮਲ ਹੋਏ। ਰੇਲਵੇ ਗਰਾਊਂਡ ‘ਚ ਨਿਹੰਗ ਸਿੰਘਾਂ ਵੱਲੋਂ ਘੋਰਸਵਾਰੀ ਦਾ ਆਯੋਜਨ ਕੀਤਾ ਗਿਆ। ਇਸ ਮੁਹੱਲੇ ‘ਚ ਨਗਾੜੇ, ਬਾਜੇ, ਢੋਲ ਆਦਿ ਵਜਾਉਂਦੇ ਹੋਏ ਸ਼ਾਮਲ ਹੋਏ। ਇਸ ਮੌਕੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਬਾਬਾ ਜਗਤਾਰ ਸਿੰਘ, ਬਾਬਾ ਨਿਹਾਲ ਸਿੰਘ, ਬਾਬਾ ਨੌਰੰਗ ਸਿੰਘ, ਬਾਬਾ ਗੁਰਪਿੰਦਰ ਸਿੰਘ, ਜਨਰਲ ਸਕੱਤਰ ਦਲਜੀਤ ਸਿੰਘ ਬੇਦੀ, ਬਾਬਾ ਤਿਰਲੋਕ ਸਿੰਘ, ਬਾਬਾ ਜਗਤਾਰ ਸਿੰਘ, ਬਾਬਾ ਕੁਲਵਿੰਦਰ ਸਿੰਘ, ਬਾਬਾ ਸਰਵਨ ਸਿੰਘ ਮੁਝੈਲ, ਬਾਬਾ ਸੁਖਵਿੰਦਰ ਸਿੰਘ, ਬਾਬਾ ਵਿਸ਼ਵ ਪ੍ਰਤਾਪ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਬਘੇਲ ਸਿੰਘ, ਬਾਬਾ ਪਿਆਰਾ ਸਿੰਘ, ਬਾਬਾ ਹਰਪ੍ਰੀਤ ਸਿੰਘ ਤੇ ਬਾਬਾ ਭਗਤ ਸਿੰਘ ਆਦਿ ਵੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ।