The Speeding Truck : ਜਲੰਧਰ ਦੇ ਭੋਗਪੁਰ ‘ਚ ਸੋਮਵਾਰ ਦੇਰ ਰਾਤ ਨੂੰ ਤੇਜ਼ ਰਫਤਾਰ ਨਾਲ ਦੌੜ ਰਹੇ ਇੱਕ ਟਰੱਕ ਨੇ ਇੱਕ ਜੀਪ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸਾ ਉਸ ਸਮੇਂ ਹੋਇਆ ਜਦੋਂ ਇੱਕ ਜੀਪ ‘ਚ ਸਵਾਰ 5 ਲੋਕ ਹਰਿਦੁਆਰ ਤੋਂ ਹਿਮਾਚਲ ਦੇ ਚੰਬਾ ਪਰਤ ਰਹੇ ਸਨ। ਟਰੱਕ ਦੀ ਟੱਕਰ ਤੋਂ ਬਾਅਦ ਜੀਪ ਡਿਵਾਈਡਰ ਨਾਲ ਟਕਰਾ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ। ਇਸ ‘ਚ ਸਵਾਰ ਸਾਰੇ 5 ਲੋਕ ਸੀਟ ਬੈਲਟ ਕੱਸੇ ਹੋਣ ਦੀ ਵਜ੍ਹਾ ਨਾਲ ਵਾਲ-ਵਾਲ ਬਚ ਗਏ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਅਣਪਛਾਤੇ ਟਰ4ਕ ਚਾਲਕ ਖਿਲਾਫ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਥਾਣੇ ਦੇ ਪਿੰਡ ਚੁਕਰਾ ਦੇ ਰਹਿਣ ਵਾਲੇ ਦਿਨੇਸ਼ ਸਿੰਘ ਨੇ ਦੱਸਿਆ ਕਿ ਉਹ ਪਿੰਡ ‘ਚ ਹੀ ਖੇਤੀਬਾੜੀ ਕਰਦਾ ਹੈ। ਚਾਰ ਦਿਨ ਪਹਿਲਾਂ ਉਹ ਪਿੰਡ ਦੇ ਹੀ ਰਹਿਣ ਵਾਲੇ ਰਿਸ਼ਤੇਦਾਰ ਰਾਕੇਸ਼ ਕੁਮਾਰ, ਬੀ. ਆਰ ਠਾਕੁਰ ਉਰਮਿਲਾ ਦੇਵੀ ਤੇ ਦੇਈ ਨਾਲ ਬਲੈਰੋ ਗੱਡੀ ਨੰਬਰ HP48B-0285 ‘ਚ ਹਰਿਦੁਆਰ ਗਏ ਸਨ। ਬੀਤੇ ਦਿਨ ਉਹ ਸਾਰੇ ਇਸ ਬਲੈਰੋ ‘ਚ ਸਵਾਰ ਹੋ ਕੇ ਵਾਪਸ ਆਪਣੇ ਘਰ ਪਰਤ ਰਹੇ ਸਨ।
ਅਧੀ ਰਾਤ ਲਗਭਗ 12.30 ਵਜੇ ਉਨ੍ਹਾਂ ਦੀ ਗੱਡੀ ਭੋਗਪੁਰ ਪੁੱਜੀ। ਇਥੇ ਜਦੋਂਉਹ ਜੀ. ਟੀ. ਰੋਡ ਭੋਗਪੁਰ ‘ਤੇ ਸਥਿਤ ਮਾਰੂਤੀ ਏਜੰਸੀ ਦੇ ਨੇੜੇ ਇੰਡੀਅਨ ਆਇਲ ਦੇਪੈਟਰੋਲ ਪੰਪ ਕੋਲ ਪੁੱਜੇ ਤਾਂ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਸੱਜੇ ਪਾਸੇ ਤੋਂ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਗੱਡੀ ਸ਼ਿਕਾਇਤਕਰਤਾ ਦਿਨੇਸ਼ ਹੀ ਚਲਾ ਰਿਹਾ ਸੀ। ਟਰੱਕ ਦੇ ਟੱਕਰ ਮਾਰਨ ਨਾਲ ਉਸ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਗੱਡੀ ਫਿਰ ਪਲਟੀਆਂ ਖਾਧੇ ਹੋਏ ਦੂਜੇ ਪਾਸੇ ਚਲੀ ਗਈ। ਬਲੈਰੋ ‘ਚ ਸਵਾਰ ਸਾਰੇ ਲੋਕਾਂ ਨੇ ਸੀਟ ਬੈਲਟ ਪਾਈ ਹੋਈ ਸੀ ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ ਤੇ ਸੱਟਾਂ ਵੀ ਜ਼ਿਆਦਾ ਨਹੀਂ ਲੱਗੀਆਂ। ਟਰੱਕ ਡਰਾਈਵਰ ਉਥੋਂ ਫਰਾਰ ਹੋ ਗਿਆ। ਇਸ ਬਾਰੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਟੱਰਕ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।