ਹਿਮਾਚਲ ‘ਚ ਲਗਾਤਾਰ ਰਹੇ ਮੀਂਹ ਕਾਰਨ ਹੁਣ ਪੰਜਾਬ ‘ਤੇ ਵੀ ਖ਼ਤਰਾ ਮੰਡਰਾ ਰਿਹਾ ਹੈ। ਪੰਜਾਬ ਵਿੱਚ ਘੱਗਰ ਦਰਿਆ ਨੇ ਇੱਕ ਵਾਰ ਫਿਰ ਚਿੰਤਾਵਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਘੱਗਰ ਦਰਿਆ ਦੇ ਪਾਣੀ ਦਾ ਪੱਧਰ ਪਿਛਲੇ 24 ਘੰਟਿਆਂ ਦੌਰਾਨ 6.5 ਫੁੱਟ ਵਧਿਆ ਹੈ। ਸੰਗਰੂਰ ਜ਼ਿਲ੍ਹੇ ਦੇ ਖਨੌਰੀ ਵਿਖੇ ਘੱਗਰ ਦਰਿਆ ਦਾ ਪੱਧਰ ਕੱਲ੍ਹ 726 ਫੁੱਟ ਸੀ ਜੋ ਐਤਵਾਰ ਸਵੇਰੇ 7 ਵਜੇ ਤੱਕ ਵਧ ਕੇ 732.5 ਫੁੱਟ ਹੋ ਗਿਆ।
ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸਐਸਪੀ ਸੰਗਰੂਰ ਨੇਮੌਕੇ ਉਤੇ ਆ ਕੇ ਘੱਗਰ ਦਾ ਜਾਇਜ਼ਾ ਲਿਆ ਹੈ। ਇਲਾਕੇ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ। ਕਿਸੇ ਵੀ ਤਰ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ ਗੋਤਾਖੋਰਾਂ ਦੀਆਂ ਟੀਮਾਂ ਅਤੇ ਜੇਸੀਬੀ ਮਸ਼ੀਨਾਂ ਪ੍ਰਸ਼ਾਸਨ ਵੱਲੋਂ ਤਿਆਰ ਰੱਖੀਆਂ ਗਈਆਂ ਹਨ। ਦੱਸ ਦੇਈਏ ਕਿ ਘੱਗਰ ਨਦੀ ਵਿੱਚ ਖਤਰੇ ਦਾ ਨਿਸ਼ਾਨ 747 ਫੁੱਟ ਹੈ। ਇਸ ਰਫਤਾਰ ਨਾਲ ਵਧ ਰਹੇ ਪਾਣੀ ਦੇ ਪੱਧਰ ਨੇ ਇਕ ਵਾਰ ਫਿਰ ਘੱਗਰ ਦੇ ਆਸ-ਪਾਸ ਦੇ ਲੋਕਾਂ ਨੂੰ ਪਿਛਲੇ ਸਾਲ ਦੀ ਤਬਾਹੀ ਦੀ ਯਾਦ ਦਿਵਾ ਦਿੱਤੀ ਹੈ।
ਬੁੱਧਵਾਰ ਰਾਤ ਨੂੰ ਕੁੱਲੂ ਦੇ ਨਿਰਮੰਡ, ਸੈਂਜ, ਮਲਾਨਾ ਇਲਾਕਿਆਂ, ਜਦੋਂਕਿ ਮੰਡੀ ਦੇ ਪਧਾਰ ਤੇ ਸ਼ਿਮਲਾ ਦੀ ਰਾਮਪੁਰ ਸਬ-ਡਿਵੀਜ਼ਨ ਵਿੱਚ ਬੱਦਲ ਫਟਣ ਮਗਰੋਂ ਆਏ ਹੜ੍ਹ ਵਿੱਚ ਹੁਣ ਤੱਕ ਅੱਠ ਜਣੇ ਮਾਰੇ ਗਏ ਹਨ। ਇਸ ਤੋਂ ਬਾਅਦ ਵੀ ਸੂਬੇ ਵਿਚ ਲਗਾਤਾਰ ਬਾਰਿਸ਼ ਜਾਰੀ ਹੈ। ਜਿਸ ਤੋਂ ਬਾਅਦ ਕਈ ਡੈਮਾਂ ਵਿਚੋਂ ਪਾਣੀ ਵੀ ਛੱਡਣਾ ਪਿਆ।
ਇਹ ਵੀ ਪੜ੍ਹੋ : ਚੱਕ ਦੇ ਇੰਡੀਆ…CM ਮਾਨ ਨੇ ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ ‘ਚ ਪਹੁੰਚਣ ‘ਤੇ ਦਿੱਤੀ ਵਧਾਈ
ਹਿਮਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿਚ ਬੱਦਲ ਫਟਣ ਮਗਰੋਂ ਲਾਪਤਾ 45 ਵਿਅਕਤੀਆਂ ਦੀ ਭਾਲ ਲਈ ਚੱਲ ਰਹੀ ਬਚਾਅ ਮੁਹਿੰਮ ਮੁੜ ਸ਼ੁਰੂ ਕੀਤੀ ਗਈ ਹੈ। ਹਾਲਾਂਕਿ, ਇਸ ਸਬੰਧੀ ਕੋਈ ਸਫਲਤਾ ਨਹੀਂ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਫੌਜ, ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ), ਸੂਬਾ ਆਫਤ ਪ੍ਰਬੰਧਨ ਬਲ (ਐੱਸਡੀਆਰਐੱਫ), ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ), ਪੁਲਿਸ ਅਤੇ ਹੋਮਗਾਰਡ ਦੀਆਂ ਟੀਮਾਂ ਦੇ ਕੁੱਲ 410 ਬਚਾਅ ਕਰਮੀ ਡਰੋਨਾਂ ਦੀ ਮਦਦ ਨਾਲ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: