ਰਾਏਕੋਟ ਦੇ ਪਿੰਡ ਨੂਰਪੁਰਾ ਵਿਖੇ ਅੱਜ ਸਵੇਰੇ 7:30 ਵਜੇ ਦੇ ਕਰੀਬ ਇੱਕ ਰੇਤੇ ਦੇ ਭਰੇ ਟਿੱਪਰ ਚਾਲਕ ਵੱਲੋਂ ਮੋਟਰਸਾਈਕਲ ਸਵਾਰ ਬਜ਼ੁਰਗ ਮਰਦ, ਔਰਤ ਅਤੇ ਸੜਕ ਕਿਨਾਰੇ ਪੈਦਲ ਜਾ ਰਹੇ 15 ਸਾਲਾ ਬੱਚੇ ਨੂੰ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਭੜਕੇ ਪਿੰਡ ਵਾਸੀਆਂ ਨੇ ਲੁਧਿਆਣਾ ਬਠਿੰਡਾ ਰਾਜਮਾਰਗ ‘ਤੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ ਅਤੇ ਦੁਪਿਹਰ ਤੱਕ ਧੁੱਪੇ ਵੱਡੀ ਗਿਣਤੀ ਵਿੱਚ ਮਰਦ, ਔਰਤਾਂ, ਨੌਜਵਾਨ ਤੇ ਬੱਚੇ ਸੜਕ ਤੇ ਬੈਠੇ ਰਹੇ।
ਜਾਣਕਾਰੀ ਮੁਤਾਬਕ ਪਿੰਡ ਝੋਰੜਾਂ ਵਾਸੀ ਮੁਕੰਦ ਸਿੰਘ(55) ਪੁੱਤਰ ਬਚਨ ਸਿੰਘ ਆਪਣੀ ਪਤਨੀ ਅਮਰਜੀਤ ਕੌਰ(52) ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਮੁੱਲਾਂਪੁਰ ਨੂੰ ਦਵਾਈ ਲੈਣ ਲਈ ਜਾ ਰਿਹਾ ਸੀ। ਜਦੋਂ ਉਹ ਲੁਧਿਆਣਾ ਬਠਿੰਡਾ ਰਾਜਮਾਰਗ ਤੇ ਪੈਂਦੇ ਪਿੰਡ ਨੂਰਪੁਰਾ ਵਿਖੇ ਪੁੱਜਿਆ ਤਾਂ ਪਿੱਛੋ ਆ ਰਹੇ ਇੱਕ ਰੇਤੇ ਦੇ ਭਰੇ ਟਿੱਪਰ ਚਾਲਕ ਨੇ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਕਾਫੀ ਦੂਰ ਤੱਕ ਘਸੀਟਦਾ ਹੋਇਆ ਲੈ ਗਿਆ। ਟਿੱਪਰ ਨੇ ਗੁਰਦੁਆਰਾ ਸਾਹਿਬ ਵਿਖੇ ਗਤਕਾ ਦੀ ਸਿਖਲਾਈ ਲੈਣ ਜਾ ਰਹੇ ਨਰਿੰਦਰਜੋਤ ਸਿੰਘ(15) ਪੁੱਤਰ ਬਹਾਦਰ ਸਿੰਘ ਵਾਸੀ ਨੂਰਪੁਰਾ ਨੂੰ ਵੀ ਆਪਣੀ ਲਪੇਟ ਵਿੱਚ ਲਿਆ।
ਇਹ ਵੀ ਪੜ੍ਹੋ : ਰਾਮਦੇਵ ਨੂੰ ਸੁਪਰੀਮ ਕੋਰਟ ‘ਤੋਂ ਵੱਡਾ ਝਟਕਾ, ਪਤੰਜਲੀ ਟਰੱਸਟ ਨੂੰ ਯੋਗਾ ਕੈਂਪ ਲਈ ਦੇਣਾ ਪਵੇਗਾ ਸਰਵਿਸ ਟੈਕਸ
ਇਸ ਮੌਕੇ ਪਿੰਡ ਵਾਸੀਆਂ ਵੱਲੋਂ ਕਾਫੀ ਰੌਲਾ ਪਾਉਣ ਦੇ ਬਾਅਦ ਉਸ ਨੇ ਟਿੱਪਰ ਨੂੰ ਰੋਕਿਆ ਅਤੇ ਟਿੱਪਰ ਚਾਲਕ ਹਰਮਿੰਦਰ ਸਿੰਘ ਵਾਸੀ ਧੀਂਗੜ (ਬਠਿੰਡਾ) ਨੂੰ ਮੌਕੇ ‘ਤੇ ਕਾਬੂ ਕਰ ਲਿਆ ਪਰ ਇਸ ਹਾਦਸੇ ਦੌਰਾਨ ਤਿੰਨੇ ਜਣੇ ਗੰਭੀਰ ਰੂਪ ‘ਚ ਜਖਮੀ ਹੋ ਗਏ। ਲੋਕਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਭੇਜਿਆ। ਇਸ ਹਾਦਸੇ ਵਿੱਚ ਬਜ਼ੁਰਗ ਪਤੀ ਪਤਨੀ ਦੇ ਭਰਾ ਜਸਵਿੰਦਰ ਸਿੰਘ ਅਤੇ ਭੈਣ ਸਰਬਜੀਤ ਕੌਰ ਨੇ ਦੱਸਿਆ ਕਿ ਹਸਪਤਾਲ ਵਿੱਚ ਜੇਰੇ ਇਲਾਜ ਮੁਕੰਦ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਜਖਮਾਂ ਦੀ ਤਾਪ ਨਾ ਝਲਦੇ ਹੋਏ ਦਮ ਤੋੜ ਗਏ। ਬੱਚਾ ਨਰਿੰਦਰਜੋਤ ਸਿੰਘ ਗੰਭੀਰ ਹਾਲਤ ਵਿੱਚ ਜੇਰੇ ਇਲਾਜ ਹੈ।
ਇਸ ਮੌਕੇ ਭੜਕੇ ਲੋਕਾਂ ਨੇ ਲੁਧਿਆਣਾ ਬਠਿੰਡਾ ਰਾਜਮਾਰਗ ‘ਤੇ ਧਰਨਾ ਲਗਾ ਕੇ ਚੱਕਾਜਾਮ ਕਰ ਦਿੱਤਾ। ਵੱਡੀ ਗਿਣਤੀ ‘ਚ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਖ਼ਬਰ ਲਿਖੇ ਤੱਕ ਧਰਨਾ ਅਜੇ ਵੀ ਜਾਰੀ ਸੀ। ਇਸ ਮੌਕੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਜਿੰਨਾ ਟਿੱਪਰ ਦਾ ਮਾਲਕ ਘਟਨਾ ਸਥਾਨ ‘ਤੇ ਨਹੀਂ ਪਹੁੰਚਦਾ ਉਨਾ ਚਿਰ ਇਹ ਧਰਨਾ ਜਾਰੀ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: