Toll plaza occupied : ਰੂਪਨਗਰ : ਚੰਡੀਗੜ੍ਹ ਮਨਾਲੀ ਜਲੰਧਰ ਹਾਈਵੇ ਦੇ ਮੁੱਖ ਟੋਲ ਪਲਾਜ਼ਾ ਵਿਖੇ ਅੱਜ ਦੁਪਹਿਰ ਤੱਕ ਕਿਸਾਨਾਂ ਦਾ ਪੂਰਾ ਕਬਜ਼ਾ ਰਿਹਾ ਤੇ ਉਨ੍ਹਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਤੇ ਗੱਡੀਆਂ ਫ੍ਰੀ ਨਿਕਲ ਰਹੀਆਂ ਹਨ। ਪੰਜਾਬ ਦੇ ਜ਼ਿਆਦਾਤਰ ਟੋਲ ਪਲਾਜ਼ਾ ਜਿਹੜੇ ਕਿ ਪਹਿਲਾਂ ਕਾਰਪੋਰੇਟ ਘਰਾਣਿਆਂ ਦੇ ਅਧੀਨ ਸਨ ਪਰ ਹੁਣ ਇੰਝ ਲੱਗਦਾ ਹੈ ਕਿ ਇਨ੍ਹਾਂ ‘ਤੇ ਕਿਸਾਨਾਂ ਦਾ ਕਬਜ਼ਾ ਹੋ ਗਿਆ ਹੈ ਤੇ ਇਥੇ ਭਾਰੀ ਪਰਚੀ ਕੱਟਣ ਵਾਲੇ ਟੋਲ ਪਲਾਜ਼ਾ ਤੋਂ ਬਿਨਾਂ ਕਿਸੇ ਪਰਚੀ ਤੋਂ ਗੱਡੀਆਂ ਨਕਲ ਰਹੀਆਂ ਹਨ।
ਅੱਜ ਤੋਂ ਪਹਿਲਾਂ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਬਿਨਾਂ ਪਰਚੀ ਤੋਂ ਵੀ ਟੋਲ ਪਲਾਜ਼ਾ ਤੋਂ ਗੱਡੀਆਂ ਨਿਕਲਣਗੀਆਂ ਪਰ ਹੁਣ ਇਹ ਨਜ਼ਾਰੇ ਪੰਜਾਬ ‘ਚ ਆਮ ਦੇਖਣ ਨੂੰ ਮਿਲ ਰਹੇ ਹਨ ਤੇ ਕਿਸਾਨ ਟੋਲ ਪਲਾਜ਼ਾ ਦੇ ਮਾਲਕ-ਕਮ ਆਪ੍ਰੇਟਰ ਨਜ਼ਰ ਆ ਰਹੇ ਹਨ ਅਤੇ ਟੋਲ ਪਲਾਜ਼ਾ ਕੰਪਨੀਆਂ ਬਿਲਕੁਲ ਬੇਬੱਸ ਨਜ਼ਰ ਆ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਬਿੱਲ ਨੂੰ ਰੱਦ ਕਰਵਾ ਕੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ ਨਹੀਂ ਤਾਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਇਥੇ ਦੱਸਣਯੋਗ ਹੈ ਕਿ ਪੰਜਾਬ ‘ਚ ਕਿਸਾਨਾਂ ਵੱਲੋਂ ਖੇਤੀ ਬਿੱਲਾਂ ਖਿਲਾਫ ਪਿਛਲੇ ਕਾਫੀ ਦੇਰ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਥਾਂ-ਥਾਂ ‘ਤੇ ਧਰਨੇ ਦਿੱਤੇ ਜਾ ਰਹੇ ਹਨ, ਰੇਲਾਂ ਰੋਕੀਆਂ ਜਾ ਰਹੀਆਂ ਹਨ। ਮੋਦੀ ਸਰਕਾਰ ਦਾ ਕਹਿਣਾ ਹੈ ਕਿ ਇਹ ਬਿੱਲ ਕਿਸਾਨਾਂ ਦੇ ਹਿੱਤਾਂ ‘ਚ ਹਨ ਪਰ ਜੇਕਰ ਇਹ ਕਿਸਾਨਾਂ ਦੇ ਹਿੱਤਾਂ ‘ਚ ਹੁੰਦੇ ਤਾਂ ਉਹ ਖੁਸ਼ ਹੋਣ ਦੀ ਬਜਾਏ ਧਰਨੇ ਕਿਉਂ ਦਿੰਦੇ ਤੇ ਪ੍ਰਦਰਸ਼ਨ ਕਿਉਂ ਕਰਦੇ? ਮੋਦੀ ਸਰਕਾਰ ਨੇ ਬਿਨਾਂ ਕਿਸਾਨਾਂ ਨੂੰ ਆਪਣੇ ਹੱਕ ‘ਚ ਲਏ ਇਨ੍ਹਾਂ ਬਿੱਲਾਂ ਨੂੰ ਪਾਸ ਕੀਤਾ ਹੈ ਜੋ ਕਿ ਸਰਾਸਰ ਗਲਤ ਹੈ।