ਪੰਜਾਬ ਦੇ ਜ਼ਿਲ੍ਹਾ ਖੰਨਾ ਅਧੀਨ ਸਮਰਾਲਾ ਦੇ ਨਜ਼ਦੀਕੀ ਪਿੰਡ ਬਰਧਾਲਾਂ ਨੇੜੇ ਸਕੂਟਰੀ ਸਵਾਰ ਮਾਂ, ਧੀ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਵਿੱਚ ਮਾਂ ਦੀ ਮੌਤ ਹੋ ਗਈ ਅਤੇ ਨੌ ਸਾਲ ਬੱਚੀ ਬੁਰੀ ਤਰ੍ਹਾਂ ਜਖਮੀ ਹੋ ਗਈ। ਮ੍ਰਿਤਕ ਦੀ ਪਛਾਣ ਰਾਜਮੀਤ ਕੌਰ (34) ਵਾਸੀ ਕਰਤਾਰ ਨਗਰ ਖੰਨਾ ਤੇ ਜ਼ਖਮੀ ਦੀ ਪਛਾਣ ਸ੍ਰਿਸ਼ਟੀ ਕੌਰ (9) ਹੋਈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਬਰਧਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਜਾਂਚ ਵਿੱਚ ਜੁੱਟ ਗਈ।
ਮ੍ਰਿਤਕ ਔਰਤ ਦੇ ਰਿਸ਼ਤੇਦਾਰ ਜਗਜੀਤ ਸਿੰਘ ਕੂਨਰ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਅਤੇ ਉਸਦੀ ਬੱਚੀ ਸੰਗਰਾਂਦ ਮੌਕੇ ਗੁਰਦੁਆਰਾ ਸ਼੍ਰੀ ਦੇਗਸਰ ਸਾਹਿਬ (ਕਟਾਣਾ ਸਾਹਿਬ) ਸਕੂਟਰੀ ਤੇ ਮੱਥਾ ਟੇਕਣ ਤੋਂ ਬਾਅਦ ਵਾਪਸ ਆਪਣੇ ਘਰ ਕਰਤਾਰ ਨਗਰ ਖੰਨਾ ਜਾ ਰਹੇ ਸਨ। ਜਦੋਂ ਸਕੂਟੀ ਬਰਧਾਲਾ ਨੇੜੇ ਪਹੁੰਚੀ ਤਾਂ ਪਿੱਛੇ ਤੋਂ ਆ ਰਹੇ ਤੇਜ ਰਫ਼ਤਾਰ ਟਰੱਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟੀ ਬੇਕਾਬੂ ਹੋ ਗਈ ਤੇ ਟਰੱਕ ਚਾਲਕ ਨੇ ਤੇਜ਼ ਰਫ਼ਤਾਰ ਟਰੱਕ ਨੂੰ ਸਕੂਟੀ ਸਵਾਰ ਮਾਂ ਧੀ ਤੇ ਚੜਾ ਦਿੱਤਾ।
ਹਾਦਸੇ ਵਿੱਚ ਸਕੂਟਰੀ ਚਾਲਕ ਰਾਜਮੀਤ ਕੌਰ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖਮੀ ਨੌ ਸਾਲਾ ਬੱਚੀ ਨੂੰ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਉਹਨਾਂ ਦੱਸਿਆ ਕਿ ਜ਼ਖਮੀ ਨੌ ਸਾਲਾ ਬੱਚੀ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਹਨ। ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ।
ਇਹ ਵੀ ਪੜ੍ਹੋ : ਰਾਜਪੁਰਾ : ਸਕੇ ਭਤੀਜੇ ਨੇ ਚਾਚੇ ਦਾ ਕੀਤਾ ਕ.ਤ/ਲ, ਪੁਲਿਸ ਨੇ 24 ਘੰਟੇ ‘ਚ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਡਾਕਟਰ ਰਮਨਦੀਪ ਨੇ ਦੱਸਿਆ ਕਿ ਰੋਡ ਐਕਸੀਡੈਂਟ ਵਿੱਚ ਜ਼ਖਮੀ ਇੱਕ ਮਹਿਲਾ ਨੂੰ ਲਿਆਂਦਾ ਗਿਆ, ਜਿਸ ਦੀ ਮੌਤ ਪਹਿਲਾਂ ਹੀ ਹੋ ਗਈ ਸੀ। ਮ੍ਰਿਤਕ ਮਹਿਲਾ ਦਾ ਨਾਮ ਰਾਜਮੀਤ ਕੌਰ ਉਮਰ 34 ਸਾਲ ਹੈ। ਮ੍ਰਿਤਕ ਮਹਿਲਾ ਦੇ ਨਾਲ ਉਸਦੀ ਬੱਚੀ ਵੀ ਸੀ ਜਿਸ ਨੂੰ ਖੰਨਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਮ੍ਰਿਤਕ ਮਹਿਲਾ ਦੀ ਡੈਡ ਬਾਡੀ ਨੂੰ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਅਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਡੈਡ ਬਾਡੀ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























