Uncontrolled bus hits : ਫਗਵਾੜਾ ਦੇ ਰੈਸਟ ਹਾਊਸ ਚੌਕ ‘ਚ ਸ਼ਨੀਵਾਰ ਨੂੰ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਰੈਸਟ ਹਾਊਸ ਦੀ ਦੀਵਾਰ ਨਾਲ ਲੱਗੇ ਟਰਾਂਸਫਾਰਮਰ ਨਾਲ ਜਾ ਟਕਰਾਈ। ਰੈਸਟ ਹਾਊਸ ਕੋਲ ਖੜ੍ਹਾ ਰਿਕਸ਼ਾ ਚਾਲਕ ਬੱਸ ਦੀ ਲਪੇਟ ‘ਚ ਆ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ‘ਚ ਕਾਰ ਚਾਲਕ ਸਮੇਤ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ। ਮ੍ਰਿਤਕ ਰਿਕਸ਼ਾ ਦੀ ਪਛਾਣ ਸ਼ਿਆਮ ਲਾਲ ਵਾਸੀ ਗੁਰੂ ਤੇਗ ਬਹਾਦਰ ਨਗਰ ਫਗਵਾੜਾ ਵਜੋਂ ਹੋਈ ਹੈ। ਘਟਨਾ ਵਾਲੀ ਥਾਂ ‘ਤੇ ਪੁਲਿਸ ਮੁਲਾਜ਼ਮਾਂ ਨਾਲ ਪੁੱਜੀ। ਐੱਸ. ਪੀ. ਮਨਵਿੰਦਰ ਸਿੰਘ ਨੇ ਜਾਂਚ ਕੀਤੀ। ਗਨੀਮਤ ਰਹੀ ਕਿ ਹਾਦਸੇ ‘ਚ ਬੱਸ ‘ਚ ਸਵਾਰ ਕਿਸੇ ਵੀ ਵਿਅਕਤੀ ਨੂੰ ਸੱਟ ਨਹੀਂ ਲੱਗੀ। ਨਿੱਜੀ ਕੰਪਨੀ ਦੀ ਬੱਸ ਲੁਧਿਆਣਾ ਤੋਂ ਫਗਵਾੜਾ ਵੱਲ ਆ ਰਹੀ ਸੀ। ਫਗਵਾੜਾ ਰੈਸਟ ਹਾਊਸ ਕੋਲ ਬੱਸ ਕਾਰ ਨਾਲ ਟਕਰਾ ਗਈ ਤੇ ਬੱਸ ਬੇਕਾਬੂ ਹੋ ਕੇ ਰੈਸਟ ਹਾਊਸ ਕੋਲ ਲੱਗੇ ਬਿਜਲੀ ਦੇ ਟਰਾਂਸਫਾਰਮ ਨਾਲ ਜਾ ਟਕਰਾਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਰੈਸਟ ਹਾਊਸ ਦੀ ਇੱਕ ਸਾਈਡ ਦੀ ਦੀਵਾਰ ਪੂਰੀ ਟੁੱਟ ਗਈ। ਉਥੇ ਸਵਾਰੀ ਦਾ ਇੰਤਜ਼ਾਰ ਕਰ ਰਿਹਾ ਰਿਕਸ਼ਾ ਚਾਲਕ ਸ਼ਿਆਮ ਲਾਲ ਬੱਸ ਦੀ ਲਪੇਟ ‘ਚ ਆ ਗਿਆ ਅਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ‘ਚ ਕਾਰ ਸਵਾਰ ਦੋ ਲੋਕ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਦੀਵਾਲੀ ਵਾਲੇ ਦਿਨ ਫਗਵਾੜਾ ‘ਚ ਹੋਏ ਹਾਦਸੇ ਦੀ ਸੂਚਨਾ ਜਿਵੇਂ ਹੀ ਕੇਂਦਰੀ ਉਦਯੋਗ ਤੇ ਵਣਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲੀ ਤਾਂ ਉਹ ਤੁਰੰਤ ਆਪਣੀ ਪਤਨੀ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਨਾਲ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਹਰ ਸੰਭਵ ਮਦਦ ਦਾ ਭੋਰਸਾ ਦਿੱਤਾ। ਇਸ ਤੋਂ ਇਲਾਵਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਬੇਟੇ ਕਮਲ ਧਾਲੀਵਾਲ ਵੀ ਘਟਨਾ ਵਾਲੀ ਥਾਂ ‘ਤੇ ਪੁੱਜੇ ਅਤੇ ਉਨ੍ਹਾਂ ਕਿਹਾ ਕਿ ਹਾਦਸੇ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।