ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਚੌਥੇ ਦਿਨ ਸਦਨ ਦੀ ਕਾਰਵਾਈ ਜਾਰੀ ਹੈ। ਕਾਂਗਰਸ ਨੇ ਸਦਨ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ.ਤਲ ਦਾ ਮੁੱਦਾ ਚੁੱਕਿਆ । ਇਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵਿਚਾਲੇ ਬਹੁਤ ਬਹਿਸ ਹੋਈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਕ.ਤਲ ਕੇਸ ਵਿੱਚ ਇਨਸਾਫ਼ ਦੇਣ ਦੀ ਮੰਗ ਕੀਤੀ ।
ਰਾਜਾ ਵੜਿੰਗ ਦੀ ਇਸ ਮੰਗ ‘ਤੇ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ-ਵਿਵਸਥਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ । ਸਿੱਧੂ ਮੂਸੇਵਾਲਾ ਦਾ ਦਰਦ ਸਾਰੇ ਪੰਜਾਬ ਤੇ ਦੁਨੀਆ ਨੂੰ ਹੈ। ਅਸੀਂ ਇਸ ਕੇਸ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਹਾਂ । ਪਰਮਾਤਮਾ ਅਜਿਹਾ ਅਸਹਿ ਦੁੱਖ ਕਿਸੇ ਮਾਪੇ ਨੂੰ ਨਾ ਦੇਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ 40 ਲੋਕਾਂ ਦੇ ਨਾਮ ਦਰਜ ਹਨ। ਜਿਨ੍ਹਾਂ ਵਿੱਚੋਂ 29 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ 2 ਦਾ ਐਨਕਾਊਂਟਰ ਹੋ ਗਿਆ ਹੈ । ਗੋਲਡੀ ਬਰਾੜ ਨੂੰ ਵਿਦੇਸ਼ ਤੋਂ ਲਿਆਉਣ ਦੀ ਪ੍ਰਕਿਰਿਆ ਕੇਂਦਰ ਦੇ ਹੱਥ ਹੈ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਜ਼ਿਆਦਾਤਰ ਸ਼ੂਟਰ ਨਾਬਾਲਗ ਸਨ ।
ਇਹ ਵੀ ਪੜ੍ਹੋ: ਅੰਮ੍ਰਿਤਸਰ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ
ਇਸ ਤੋਂ ਇਲਾਵਾ ਕੈਬਿਨਟ ਮੰਤਰੀ ਅਰੋੜਾ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨੂੰ ਲੈ ਕੇ ਕਿਹਾ ਕਿ ਸੁਰੱਖਿਆ ਘਟਾਉਣ ਜਾਂ ਵਧਾਉਣ ਸਬੰਧੀ ਗੱਲਾਂ ਜਨਤਾ ਵਿੱਚ ਆ ਹੀ ਜਾਂਦੀਆਂ ਹਨ, ਇਸ ਵਿੱਚ ਕੋਈ ਵੱਡੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਕ.ਤਲ ਵਾਲੇ ਦਿਨ ਸਿੱਧੂ ਮੂਸੇਵਾਲਾ ਕੋਲ 2 ਸੁਰੱਖਿਆ ਕਰਮਚਾਰੀ ਸਨ ਪਰ ਉਹ ਉਨ੍ਹਾਂ ਨੂੰ ਵੀ ਨਾਲ ਨਹੀਂ ਲੈ ਕੇ ਗਏ ਅਤੇ ਨਾ ਹੀ ਆਪਣੀ ਬੁਲਟ ਪਰੂਫ ਗੱਡੀ ਲੈ ਕੇ ਗਏ । ਕਾਂਗਰਸ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ । ਉੱਥੇ ਹੀ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਗੱਲਬਾਤ ਕੀਤੀ ਹੈ ਤੇ CM ਮਾਨ ਨਾਲ ਵੀ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ CM ਮਾਨ ਨੇ ਸਿੱਧੂ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਵਿੱਚ ਪਿਛਲੇ 12 ਸਾਲਾਂ ਦਾ ਕ੍ਰਾਈਮ ਰਿਕਾਰਡ ਪੇਸ਼ ਕੀਤਾ । ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ‘ਆਪ’ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਦੂਜੇ ਨੰਬਰ ’ਤੇ ਸਭ ਤੋਂ ਘੱਟ ਅਪਰਾਧਿਕ ਘਟਨਾਵਾਂ ਵਾਪਰੀਆਂ ਹਨ ਪਰ ਵਿਰੋਧੀ ਧਿਰ ਹਰ ਰੋਜ਼ ‘ਆਪ’ ਨੂੰ ਬਦਨਾਮ ਕਰ ਰਹੀ ਹੈ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਅਪਰਾਧ ਕਰਨ ਵਾਲੇ ਲੋਕ ਭਾਜਪਾ ਸ਼ਾਸਤ ਸੂਬਿਆਂ ਤੋਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਸੂਬੇ ਗੈਂਗਸਟਰਾਂ ਦੀਆਂ ਨਰਸਰੀਆਂ ਬਣੀਆਂ ਹੋਈਆਂ ਹਨ। ਯੂਪੀ ਅਤੇ ਰਾਜਸਥਾਨ ਵਿੱਚ ਜੁਰਮ ਕਰਨ ਵਾਲੇ ਹਰਿਆਣੇ ਤੋਂ ਜਾਂਦੇ ਹਨ। ਉਨ੍ਹਾਂ ਨੇ NCRB ਦੇ ਮੁਤਾਬਕ ਪੰਜਾਬ ਨੂੰ 17ਵੇਂ ਨੰਬਰ ’ਤੇ ਦੱਸਿਆ। ਉਨ੍ਹਾਂ ਕਿਹਾ ਕਿ ਆਰਮਜ਼ ਐਕਟ ਤਹਿਤ ਹੋਣ ਵਾਲੇ ਅਪਰਾਧਾਂ ਦੀ ਰਾਸ਼ਟਰੀ ਔਸਤ 4.8 ਅਤੇ ਪੰਜਾਬ ਦੀ 1.4 ਸੀ, ਜਦਕਿ ਹਰਿਆਣਾ ਦੇ 6, ਯੂਪੀ ਦੇ 13 ਅਤੇ ਰਾਜਸਥਾਨ ਦੇ 17-18 ਦੱਸੇ ਗਏ ਹਨ। ਇਸ ਦੇ ਬਾਵਜੂਦ ਪੰਜਾਬ ਨੂੰ ਬਦਨਾਮ ਕਰਨ ਦੀ ਗੱਲ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: