ਕੈਨੇਡਾ ਤੋਂ ਪੰਜਾਬ ਆਉਂਦਿਆਂ ਇੱਕ ਪੰਜਾਬੀ ਨੌਜਵਾਨ ਨੂੰ ਜਹਾਜ਼ ‘ਚ ਦਿਲ ਦਾ ਦੌਰਾ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਏਕੋਟ ਦਾ ਜੰਮਪਲ ਪ੍ਰਵਾਸੀ ਨੌਜਵਾਨ ਆਪਣੇ ਮਾਤਾ-ਪਿਤਾ ਨਾਲ ਏਅਰ ਇੰਡੀਆ ਦੀ ਫਲਾਈਟ ਵਿੱਚ ਵਤਨ ਪਰਤ ਰਿਹਾ ਸੀ। ਸਫ਼ਰ ਦੌਰਾਨ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਉਸ ਦੀ ਮੌਤ ਗਈ। ਮ੍ਰਿਤਕ ਦੀ ਪਛਾਣ ਸੁਪਿੰਦਰ ਸਿੰਘ ਉਰਫ਼ ਪਿੰਦਰ ਗਰੇਵਾਲ(48) ਪੁੱਤਰ ਮੱਖਣ ਸਿੰਘ ਗਰੇਵਾਲ ਵਜੋਂ ਹੋਈ ਹੈ। ਸੁਪਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਭੈਣ ਦਾ ਇਕੱਲਾ ਭਰਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਸੁਪਿੰਦਰ ਸਿੰਘ ਦੇ ਚਾਚਾ ਕੁਲਦੀਪ ਸਿੰਘ, ਰਿਸੇਤਦਾਰ ਜਗਦੇਵ ਸਿੰਘ ਗਰੇਵਾਲ ਅਤੇ ਚਚੇਰੇ ਭਰਾ ਕਿਸਾਨ ਆਗੂ ਬਲਰਾਜ ਸਿੰਘ ਕੋਟਉਮਰਾ ਨੇ ਦੱਸਿਆ ਕਿ ਮ੍ਰਿਤਕ ਸੁੁਪਿੰਦਰ ਸਿੰਘ ਉਰਫ਼ ਪਿੰਦਰ ਗਰੇਵਾਲ ਆਪਣੇ ਪਿਤਾ ਮੱਖਣ ਸਿੰਘ ਅਤੇ ਮਾਤਾ ਦਲਜੀਤ ਕੌਰ ਨਾਲ ਕੈਨੇਡਾ ਤੋਂ ਰਾਏਕੋਟ (ਭਾਰਤ) ਆ ਰਿਹਾ ਸੀ। ਜਿਸ ਲਈ ਉਹ 6 ਮਾਰਚ ਨੂੰ ਕੈਨੇਡਾ ਦੇ ਵੈਨਕੂਵਰ ਤੋਂ ਏਅਰ ਇੰਡੀਆ ਦੀ ਫਲਾਈਟ ਵਿਚ ਸਵਾਰ ਹੋਇਆ। ਸਫ਼ਰ ਸ਼ੁਰੂ ਹੋਣ ਦੇ 7 ਘੰਟਿਆ ਬਾਅਦ ਹੀ ਜਹਾਜ ਵਿਚ ਉਸ ਦੀ ਤਬੀਅਤ ਵਿਗੜੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਫਲਾਈਟ ਦੇ ਸਟਾਫ਼ ਨੇ ਸੁਪਿੰਦਰ ਸਿੰਘ ਨੂੰ ਬਚਾਉਣ ਲਈ ਕਾਫ਼ੀ ਜੱਦੋ-ਜਹਿਦ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ : James Anderson ਨੇ ਰਚਿਆ ਇਤਿਹਾਸ, 700 ਟੈਸਟ ਵਿਕਟਾਂ ਲੈਣ ਵਾਲੇ ਬਣੇ ਪਹਿਲੇ ਤੇਜ਼ ਗੇਂਦਬਾਜ਼
ਮ੍ਰਿਤਕ ਦੇ ਰਿਸਤੇਦਾਰਾਂ ਨੇ ਦੱਸਿਆ ਕਿ ਸੁਪਿੰਦਰ ਸਿੰਘ ਦੀ ਪਤਨੀ ਤੇ ਬੱਚਿਆਂ ਦੇ ਪਾਸਪੋਰਟ ਰੀਨਿਊ ਨਾ ਹੋਣ ਕਾਰਨ ਉਸ ਦੀ ਮ੍ਰਿਤਕ ਦੇਹ ਨੂੰ ਉਸੇ ਜਹਾਜ਼ ਰਾਹੀਂ ਵਾਪਸ ਵੈਨਕੂਵਰ ਭੇਜ ਦਿੱਤਾ ਗਿਆ, ਜਦਕਿ ਕਿਸੇ ਕਾਰਨਾਂ ਕਾਰਨ ਉਸ ਦੇ ਮਾਤਾ ਪਿਤਾ ਨੂੰ ਇੰਡੀਆ ਆਉਣਾ ਪੈ ਰਿਹਾ ਹੈ, ਜੋ 11 ਮਾਰਚ ਨੂੰ ਵਾਪਸ ਕੈਨੇਡਾ ਜਾਣਗੇ ਅਤੇ ਉਨ੍ਹਾਂ ਦੇ ਜਾਣ ਉਪਰੰਤ ਹੀ ਨੌਜਵਾਨ ਦਾ ਸਸਕਾਰ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਪਿਛਲੇ ਤਕਰੀਬਨ 25 ਸਾਲਾਂ ਤੋਂ ਕੈਨੇਡਾ ਵਿਖੇ ਆਪਣੇ ਮਾਤਾ-ਪਿਤਾ ਪਤਨੀ ਤੇ ਦੋ ਬੇਟਿਆਂ ਨਾਲ ਰਹਿ ਰਿਹਾ ਸੀ ਅਤੇ ਸਮੇਂ-ਸਮੇਂ ’ਤੇ ਉਹ ਆਪਣੇ ਜੱਦੀ ਸ਼ਹਿਰ ਆਉਂਦਾ ਰਹਿੰਦਾ ਸੀ, ਸਗੋਂ ਅੱਜ ਉਹ ਦੋ ਸਾਲ ਬਾਅਦ ਇੰਡੀਆ ਵਾਪਸ ਆ ਰਿਹਾ ਸੀ ਪਰ ਰੱਬ ਨੂੰ ਕੁੱਝ ਹੋਰ ਹੀ ਮੰਨਜੂਰ ਸੀ। ਸੁਪਿੰਦਰ ਸਿੰਘ ਆਪਣੇ ਪਿਛੇ ਬਜ਼ੁਰਗ ਮਾਂ-ਪਿਤਾ, ਪਤਨੀ ਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ। ਪ੍ਰਵਾਸੀ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਜਾਣ ਕਾਰਨ ਰਾਏਕੋਟ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: