Woman dies after : ਮੋਗਾ ਦੇ ਸਰਕਾਰੀ ਹਸਪਤਾਲ ‘ਚ ਆਏ ਦਿਨ ਲਾਪ੍ਰਵਾਹੀ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਅੱਜ ਸਾਹਮਣੇ ਆਇਆ ਹੈ ਜਦੋਂ ਮੋਗਾ ਦੇ ਨੇੜੇ ਪੈੰਦੇ ਪਿੰਡ ਬੁੱਧ ਸਿੰਘ ਵਾਲਾ ‘ਚ ਕੁਝ ਦਿਨ ਪਹਿਲਾਂ ਇੱਕ ਗਰਭਵਤੀ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਸੀ ਪਰ ਮਹਿਲਾ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਮੋਗਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਸੀ ਪਰ ਕੱਲ ਉਸ ਦੀ ਫਰੀਦਕੋਟ ‘ਚ ਮੌਤ ਹੋ ਗਈ।
ਅਤੇ ਜਦੋਂ ਸਸਕਾਰ ਤੋਂ ਬਾਅਦ ਅੱਜ ਜਦੋਂ ਪਰਿਵਾਰ ਵਾਲੇ ਅਸਥੀਆਂ ਚੁੱਕਣ ਲਈ ਸ਼ਮਸ਼ਾਨ ਘਾਟ ਪੁੱਜੇ ਤਾਂ ਦੇਖਿਆ ਗਿਆ ਕਿ ਉਥੇ ਆਪ੍ਰੇਸ਼ਨ ਦੌਰਾਨ ਵਰਤੋਂ ‘ਚ ਲਿਆਂਦੀ ਗੀ ਕੈਂਚੀ ਤੇ ਆਪ੍ਰੇਸ਼ਨ ਦੌਰਾਨ ਇਸਤੇਮਾਲ ਹੋਣ ਵਾਲਾ ਸਾਮਾਨ ਪਾਇਆ ਗਿਆ। ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਦੇ ਮੁਲਾਜ਼ਮਾਂ ‘ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਕੈਂਚੀ ਅਸਥੀਆਂ ਤੋਂ ਮਿਲੀ ਹੈ ਅਤੇ ਜਿਸ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਸਰਕਾਰੀ ਹਸਪਤਾਲ ਦੀ ਗਾਇਨੀ ਡਾਕਟਰ ਸਿਰਮਤ ਕੌਰ ਖੋਸਾ ਨੇ ਦ4ਸਿਆ ਕਿ ਇਹ ਲੜਕੀ ਉਨ੍ਹਾਂ ਕੋਲ 6 ਤਰੀਖ ਨੂੰ ਆਈ ਸੀ ਅਤੇ ਐਤਵਾਰ ਦੀ ਸਵੇਰ ਉਸ ਨੂੰ ਸਾਹ ਲੈਣ ‘ਚ ਮੁਸ਼ਕਲ ਹੋ ਰਹੀ ਸੀ ਜਿਸ ਕਾਰਨ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਉਥੇ ਉਸ ਦੀ ਮੌਤ ਹੋ ਗਈ ਸੀ ਅਤੇ ਉਥੇ ਉਨ੍ਹਾਂ ਦੀ ਡਾਕਟਰਾਂ ਨਾਲ ਗੱਲ ਵੀ ਹੋਈ ਹੈ ਤਾਂ ਡਾਕਟਰਾਂ ਨੇ ਦੱਸਿਆ ਕਿ ਉਥੇ ਉਨ੍ਹਾਂ ਦਾ ਪੂਰਾ ਪੇਟ ਖੋਲ੍ਹ ਕੇ ਚੈੱਕ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੋ ਵੀਡੀਓ ਉਨ੍ਹਾਂ ਨੇ ਦੇਖੀ ਹੈ ਅਤੇ ਜੋ ਕੈਂਚੀ ਉਸ ‘ਚ ਪਾਈ ਗਈ ਹੈ ਉਹ ਸਰਕਾਰੀ ਹਸਪਤਾਲ ‘ਚ ਆਏ ਹੋਏ ਸਟਾਕ ‘ਚ ਨਹੀਂ ਹੁੰਦੀ। ਗਾਇਨੀ ਡਾਕਟਰ ਸਿਮਰਤ ਕੌਰ ਖੋਸਾ ਦੀ ਮੰਗ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਸਰਕਾਰੀ ਹਸਪਤਾਲਾਂ ‘ਚ ਲਾਪ੍ਰਵਾਹੀ ਦੇ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਦਾ ਡਾਕਟਰਾਂ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਾਂਚ ਕਰਵਾਈ ਜਾਵੇ ਤੇ ਜੇਕਰ ਹਸਪਤਾਲ ਦੀ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ ਤਾਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕੀਤਾ ਜਾ ਸਕੇ।