ਅੰਮ੍ਰਿਤਸਰ ਦੇ ਰਾਮਤੀਰਥ ਰੋਡ ‘ਤੇ ਇੱਕ ਨੌਜਵਾਨ ਨੂੰ ਕਰੰਟ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੇਟੀਆਂ ਦੀ ਦੁਕਾਨ ‘ਤੇ ਕੰਮ ਰਿਹਾ ਨੌਜਵਾਨ 11 ਹਜ਼ਾਰ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਮਜਦੂਰੀ ਦਾ ਕੰਮ ਕਰਦਾ ਸੀ ਤੇ ਆਪਣੇ ਪਿੱਛੇ 6 ਮਹੀਨੇ ਦੇ ਬੱਚੇ ਅਤੇ ਪਰਿਵਾਰ ਨੂੰ ਛੱਡ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਗਵਾਲ ਮੰਡੀ ਰਾਮ ਤੀਰਥ ਰੋਡ ‘ਤੇ ਇੱਕ ਪੇਟੀਆਂ ਵਾਲੀ ਦੁਕਾਨ ‘ਤੇ ਕੰਮ ਕਰਦਾ ਸੀ। ਮਾਲਕ ਨੇ ਉਨ੍ਹਾਂ ਦੇ ਮੁੰਡੇ ਨੂੰ ਦੁਕਾਨ ਦੀ ਛੱਤ ਉੱਤੇ ਬੋਰਡ ਲਗਾਉਣ ਲਈ ਕਿਹਾ ਸੀ। ਜਦੋਂ ਉਹ ਬੋਰਡ ਛੱਤ ‘ਤੇ ਲਗਾਉਣ ਜਾ ਰਿਹਾ ਸੀ ਤਾਂ ਛੱਤ ਉੱਤੋਂ ਲੰਘ ਰਹੀਆਂ ਬਿਜਲੀ ਦੀਆਂ ਹਾਈਵੋਲਟਜ ਤਾਰਾਂ ਦੇ ਨਾਲ ਉਹ ਬੋਰਡ ਟਚ ਕਰ ਗਿਆ ਤੇ ਕਰੰਟ ਬੋਰਡ ਦੇ ਵਿੱਚ ਆ ਗਿਆ। ਜਿਸ ਕਾਰਨ ਨੌਜਵਾਨ ਕਰੰਟ ਦੀ ਲਪੇਟ ‘ਚ ਆ ਗਿਆ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀ, ਰਾਜਾ ਵੜਿੰਗ ਸਣੇ ਇਨ੍ਹਾਂ ਆਗੂਆਂ ਨੂੰ ਦਿੱਤੀ ਗਈ ਟਿਕਟ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਦਸੇ ਸਮੇਂ ਦੁਕਾਨ ਦਾ ਮਾਲਕ ਮੌਕੇ ਤੇ ਮੌਜੂਦ ਸੀ, ਪਰ ਉਹ ਨੌਜਵਾਨ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ। ਨੌਜਵਾਨ ਨੂੰ ਕਿਸੇ ਤਰ੍ਹਾਂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਉਮਰ 22 ਸਾਲ ਦੇ ਕਰੀਬ ਹੈ। ਡੇਢ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਤੇ ਉਸਦੇ ਛੇ ਮਹੀਨੇ ਦਾ ਬੱਚਾ ਵੀ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: