ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਦੀਆਂ ਮਹਾਨ ਸ਼ਹਾਦਤਾਂ ਨੂੰ ਸੰਸਦ ਵਿੱਚ ਸ਼ਰਧਾਂਜਲੀ ਦੇਣ ਦੀ ਮੰਗ ਕੀਤੀ ਹੈ। ਰਾਘਵ ਚੱਢਾ ਨੇ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨਾਲ ਅੱਜ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਧਨਖੜ ਨੂੰ ਪੱਤਰ ਸੌਂਪ ਕੇ ਇਹ ਵਿਸ਼ੇਸ਼ ਮੰਗ ਕੀਤੀ। ਰਾਘਵ ਚੱਢਾ ਨੇ ਕਿਹਾ ਹੈ ਕਿ ਸਿੱਖ ਕੌਮ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਲ ਕੰਬਾ ਦੇਣ ਵਾਲੀ ਹੈ। ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦੇ ਕੇ ਸਿੱਖ ਕੌਮ ਤੇ ਵਤਨ ਦਾ ਨਾਮ ਉੱਚਾ ਕੀਤਾ।
ਇਸ ਸਤੋਂ ਅੱਗੇ ਰਾਘਵ ਚੱਢਾ ਨੇ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੀ ਸ਼ਹਾਦਤ ਹਮੇਸ਼ਾ ਅਮਰ ਰਹੇਗੀ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਕੌਰ ਦੀਆਂ ਮਹਾਨ ਸ਼ਹਾਦਤਾਂ ਨੂੰ ਸੰਸਦ ਵਿੱਚ ਸ਼ਰਧਾਂਜਲੀ ਦਿੱਤੀ ਜਾਵੇ ਤੇ ਸਾਰੇ ਸਿੱਖਿਆ ਬੋਰਡਾਂ ਵਿੱਚ ਸ਼ਹਾਦਤਾਂ ਦੀ ਗਾਥਾ ਦਾ ਪਾਠ ਸ਼ਾਮਲ ਹੋਵੇ। ਇਸ ਪੜ੍ਹਾਈ ਨਾਲ ਨਾ ਸਿਰਫ਼ ਬੱਚੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੀਰ ਗਾਥਾ ਤੋਂ ਜਾਣੂ ਹੋਣਗੇ, ਬਲਕਿ ਉਨ੍ਹਾਂ ਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਵੀ ਪੈਦਾ ਹੋਵੇਗਾ।