RSS leader attacked : ਜਲੰਧਰ : ਆਦਮਪੁਰ ਤੋਂ ਆਰ. ਐੱਸ. ਐੱਸ. ਨੇਤਾ ਬਲਵੀਰ ਸਿੰਘ ਹਜਾਰਾ ‘ਤੇ ਮੰਗਲਵਾਰ ਨੂੰ ਇੱਕ ਸਾਲ ਪਹਿਲਾਂ ਕੰਮ ਛੱਡ ਚੁੱਕੇ ਮੁਲਾਜ਼ਮ ਨੇ ਸਾਥੀਆਂ ਸਮੇਤ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਹਮਲਾ ਕੰਗਣੀਵਾਲ ਸਥਿਤ ਹਜਾਰਾ ਦੇ ਇਲੈਕਟ੍ਰਾਨਿਕ ਸ਼ੋਅਰੂਮ ‘ਤੇ ਕੀਤਾ ਗਿਆ ਜਿਸ ‘ਚ ਉਹ ਖੁਦ ਅਤੇ ਸ਼ੋਅਰੂਮ ‘ਚ ਕੰਮ ਕਰਨ ਵਾਲਾ ਵਰਕਰ ਸੰਦੀਪ ਕੁਮਾਰ ਨਿਵਾਸੀ ਹਜਾਰਾ ਵੀ ਗੰਭੀਰ ਜ਼ਖਮੀ ਹੋ ਗਿਆ। ਦੋਵੇਂ ਜ਼ਖਮੀਆਂ ਨੂੰ ਆਸ-ਪਾਸ ਦੇ ਦੁਕਾਨਦਾਰਾਂ ਨੇ ਰਾਮਾ ਮੰਡੀ ਸਥਿਤ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਬਲਵੀਰ ਸਿੰਘ ਨੇ ਦੱਸਿਆ ਕਿ ਉਹ ਆਦਮਪੁਰ ਤੋਂ ਆਰ. ਐੱਸ. ਐੱਸ. ਨੇਤਾ ਹੈ ਅਤੇ ਕੰਗਣੀਵਾਲ ਮਾਰਕੀਟ ‘ਚ ਉਸ ਦਾ ਪੀ. ਬੀ. ਇਲੈਕਟ੍ਰੋਨਿਕ ਦਾ ਸ਼ੋਅਰੂਮ ਹੈ। ਸਵੇਰੇ 9.30 ਵਜੇ ਉਹ ਆਪਣੇ ਵਰਕਰ ਸੰਦੀਪ ਤੇ ਔਰਤ ਵਰਕਰ ਨਾਲ ਦੁਕਾਨ ‘ਤੇ ਬੈਠੇ ਸਨ। ਇਸੇ ਦੌਰਾਨ ਉਨ੍ਹਾਂ ਦੀ ਦੁਕਾਨ ‘ਤੇ ਸਾਬਕਾ ਮੁਲਾਜ਼ਮ ਦਾਖਲ ਹੋਇਆ ਅਤੇ ਮਹਿਲਾ ਵਰਕਰ ਨੂੰ ਗਲਤ ਕਹਿਣ ਲੱਗਾ। ਰੋਕਣ ‘ਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਬਚਾਅ ਵਾਸਤੇ ਆਇਆ ਸੰਦੀਪ ਵੀ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਬਲਵੀਰ ਮੁਤਾਬਕ ਹਮਲੇ ਦੌਰਾਨ ਸ਼ੋਅਰੂਮ ਦੇ ਬਾਹਰ ਵੀ ਕੁਝ ਲੋਕ ਹਥਿਆਰ ਲੈ ਕੇ ਖੜ੍ਹੇ ਸਨ। ਹਮਲਾ ਕਰਨ ਵਾਲਾ ਸਾਬਕਾ ਮੁਲਾਜ਼ਮ ਇੱਕ ਸਾਲ ਪਹਿਲਾਂ ਉਸ ਕੋਲ ਕੰਮ ਕਰਦਾ ਸੀ ਅਤੇ ਕੰਮ ਛੱਡ ਚੁੱਕਾ ਹੈ। ਇਸੇ ਗੱਲ ਦੀ ਰੰਜਿਸ਼ ‘ਚ ਉਸ ਨੇ ਹਮਲਾ ਕੀਤਾ। ਬੀਤੇ ਦਿਨੀਂ ਉਕਤ ਮੁਲਾਜ਼ਮ ਨੇ ਪਿੰਡ ਦੇ ਗੁਰੂ ਘਰ ਦੇ ਨੇੜੇ ਉਨ੍ਹਾਂ ਨੂੰ ਰੋਕ ਕੇ ਧਮਕੀਆਂ ਦਿੱਤੀਆਂ ਸਨ। ਥਾਣਾ ਪਤਾਰਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਭੋਗੁਪਰ : ਪੁਲਿਸ ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਨੇ ਨਾਕਾਬੰਦੀ ਕਰਕੇ ਸਵਿਫਟ ਡਿਜਾਇਰ ਕਾਰ ਪੀ. ਬੀ. 08 ਡੀ. ਸੀ.-3605 ਨੂੰ ਰੋਕਿਆ। ਇਸ ਦੌਰਾਨ ਅੰਮ੍ਰਿਤਸਰ ਦੇ ਪਿੰਡ ਭੁੱਲਰ ਨਿਵਾਸੀ ਸੁਖਮਨਪ੍ਰੀਤ ਸਿੰਘ ਭੱਜ ਨਿਕਲਿਆ ਜਦੋਂ ਕਿ ਅੰਮ੍ਰਿਤਸਰ ਦੇ ਹਰਸ਼ਾ ਛੀਨਾ ਨਿਵਾਸੀ ਭੁਪਿੰਦਰ ਸਿੰਘ ਤੇ ਤਰਨਤਾਰਨ ਦੇ ਮਰਗਿੰਦ ਨਿਵਾਸੀ ਪਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਤਲਾਸ਼ੀ ‘ਚ ਉਸ ਕੋਲੋਂ ਦੋ ਪਿਸਤੌਲ ਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਜੋ ਸਵਿਫਟ ਕਾਰ ਬਰਾਮਦ ਹੋਈ ਉਸ ‘ਤੇ ਵੀ ਜਾਅਲੀ ਨੰਬਰ ਲੱਗਾ ਹੋਇਆ ਸੀ।