ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥
ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧।
ਅਰਥ: ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ)