ਰਾਮਕਲੀ ਮਹਲਾ ੩ ਅਨੰਦੁ ੴ ਸਤਿਗੁਰ ਪ੍ਰਸਾਦਿ ॥
ਏਹੁ ਸੋਹਿਲਾ ਸਬਦੁ ਸੁਹਾਵਾ ॥
ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥ ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥ ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥ ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥ ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥ ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥ ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥ ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥ ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥
ਅਰਥ:- ਰਾਗ ਰਾਮਕਲੀ ਵਿਚ ਗੁਰੂ ਅਮਰਦਾਸ ਜੀ ਦੀ ਬਾਣੀ, ਪ੍ਰਮਾਤਮਾ ਇਕ ਹੈ ਔਰ ਸਤਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। (ਸਤਿਗੁਰੂ ਦਾ) ਇਹ ਸੋਹਣਾ ਸ਼ਬਦ (ਆਤਮਕ) ਆਨੰਦ ਦੇਣ ਵਾਲਾ ਗੀਤ ਹੈ, (ਯਕੀਨ ਜਾਣੋ ਕਿ) ਸਤਿਗੁਰੂ ਨੇ ਜੇਹੜਾ ਸੋਹਣਾ ਸ਼ਬਦ ਸੁਣਾਇਆ ਹੈ ਉਹ ਸਦਾ ਆਤਮਕ ਆਨੰਦ ਦੇਣ ਵਾਲਾ ਹੈ। ਪਰ ਇਹ ਗੁਰ-ਸ਼ਬਦ ਉਹਨਾਂ ਦੇ ਮਨ ਵਿਚ ਵੱਸਦਾ ਹੈ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਲਿਖਿਆ ਲੇਖ ਉੱਘੜਦਾ ਹੈ। ਬਥੇਰੇ ਅਨੇਕਾਂ ਐਸੇ ਬੰਦੇ ਫਿਰਦੇ ਹਨ (ਜਿਨ੍ਹਾਂ ਦੇ ਮਨ ਵਿਚ ਗੁਰ-ਸ਼ਬਦ ਤਾਂ ਨਹੀਂ ਵੱਸਿਆ, ਪਰ ਗਿਆਨ ਦੀਆਂ) ਗੱਲਾਂ ਕਰਦੇ ਹਨ। ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਕਿਸੇ ਨੂੰ ਨਹੀਂ ਮਿਲਿਆ। ਗੁਰੂ ਨਾਨਕ ਜੀ ਕਹਿੰਦੇ ਹਨ —ਸਤਿਗੁਰੂ ਦਾ ਸੁਣਾਇਆ ਹੋਇਆ ਸ਼ਬਦ ਹੀ ਆਤਮਕ ਆਨੰਦ-ਦਾਤਾ ਹੈ। 16। (ਗੁਰ ਸ਼ਬਦ ਦਾ ਸਦਕਾ) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ (ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਕਿ ਮਾਇਆ ਵਾਲੇ ਰਸਾਂ ਦੀ ਉਹਨਾਂ ਨੂੰ ਖਿੱਚ ਹੀ ਨਾਹ ਰਹੀ, ਤੇ) ਉਹ ਬੰਦੇ ਪਵਿਤ੍ਰ ਜੀਵਨ ਵਾਲੇ ਬਣ ਗਏ। ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਉਹ ਸੁੱਧ ਆਚਰਨ ਵਾਲੇ ਹੋ ਗਏ! (ਉਹਨਾਂ ਦੀ ਲਾਗ ਨਾਲ) ਉਹਨਾਂ ਦੇ ਮਾਤਾ ਪਿਤਾ ਪਰਵਾਰ ਦੇ ਜੀਵ ਪਵਿਤ੍ਰ ਜੀਵਨ ਵਾਲੇ ਬਣੇ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤਿ ਕੀਤੀ ਉਹ ਸਾਰੇ ਪਵਿਤ੍ਰ ਹੋ ਗਏ। ਹਰੀ-ਨਾਮ (ਇਕ ਐਸਾ ਆਨੰਦ ਦਾ ਸੋਮਾ ਹੈ ਕਿ ਇਸ ਨੂੰ) ਜਪਣ ਵਾਲੇ ਭੀ ਪਵਿਤ੍ਰ ਤੇ ਸੁਣਨ ਵਾਲੇ ਭੀ ਪਵਿਤ੍ਰ ਹੋ ਜਾਂਦੇ ਹਨ, ਜੇਹੜੇ ਇਸ ਨੂੰ ਮਨ ਵਿਚ ਵਸਾਂਦੇ ਹਨ ਉਹ ਭੀ ਪਵਿਤ੍ਰ ਹੋ ਜਾਂਦੇ ਹਨ। ਗੁਰੂ ਨਾਨਕ ਜੀ ਕਹਿੰਦੇ ਹਨ—ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਸਿਮਰਿਆ ਹੈ ਉਹ ਸੁੱਧ ਆਚਰਨ ਵਾਲੇ ਹੋ ਗਏ ਹਨ। 17।
Raamkalee, Third Mehl, Anand ~ The Song Of Bliss: One Universal Creator God. By The Grace Of The True Guru: This song of praise is the Shabad, the most beautiful Word of God. This beauteous Shabad is the everlasting song of praise, spoken by the True Guru. This is enshrined in the minds of those who are so pre-destined by the Lord. Some wander around, babbling on and on, but none obtain Him by babbling. Says Nanak, the Shabad, this song of praise, has been spoken by the True Guru. ||16|| Those humble beings who meditate on the Lord become pure. Meditating on the Lord, they become pure; as Gurmukh, they meditate on Him. They are pure, along with their mothers, fathers, family and friends; all their companions are pure as well. Pure are those who speak, and pure are those who listen; those who enshrine it within their minds are pure. Says Nanak, pure and holy are those who, as Gurmukh, meditate on the Lord, Har, Har. ||17||