ਸੋਰਠਿ ਮਹਲਾ ੩ ਘਰੁ ੧
ਤਿਤੁਕੀ ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥
ਹਰਿ ਜੀਉ = ਹੇ ਪ੍ਰਭੂ ਜੀ! ਧੁਰਿ = ਧੁਰ ਤੋਂ, ਸ਼ੁਰੂ ਤੋਂ, ਜਦੋਂ ਦਾ ਸੰਸਾਰ ਬਣਿਆ ਹੈ ਤਦੋਂ ਦਾ। ਪ੍ਰਹਿਲਾਦ ਜਨ = ਪ੍ਰਹਿਲਾਦ ਅਤੇ ਇਹੋ ਜਿਹੇ ਹੋਰ ਸੇਵਕ। ਮਾਰਿ = ਮਾਰ ਕੇ। ਪਚਾਇਆ = ਖ਼ੁਆਰ ਕੀਤਾ, ਤਬਾਹ ਕਰ ਦਿੱਤਾ। ਪਰਤੀਤਿ = ਸਰਧਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭਰਮਿ = ਭਟਕਣਾ ਵਿਚ।੧। ਵਡਿਆਈ = ਇੱਜ਼ਤ। ਪੈਜ = ਲਾਜ। ਸੁਆਮੀ = ਹੇ ਸੁਆਮੀ!।ਰਹਾਉ। ਜਮੁ = ਮੌਤ, ਮੌਤ ਦਾ ਡਰ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਕਾਲੁ = ਮੌਤ ਦਾ ਡਰ। ਮਨਿ = ਮਨ ਵਿਚ। ਨਾਮੇ ਹੀ = ਨਾਮ ਵਿਚ ਜੁੜ ਕੇ ਹੀ। ਮੁਕਤਿ = ਮੌਤ ਦੇ ਡਰ ਤੋਂ ਖ਼ਲਾਸੀ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਈ = ਸੁਭਾਇ, ਪ੍ਰੇਮ ਵਿਚ।੨।
ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਤਿਨ-ਤੁਕੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।੧। ਹੇ ਹਰੀ! ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ। ਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।ਰਹਾਉ। ਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ (ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ। ਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ।੨।
Sorat’h, Third Mehl, First House, Ti-Tukas: One Universal Creator God. By The Grace Of The True Guru: You always preserve the honor of Your devotees, O Dear Lord; You have protected them from the very beginning of time. You protected Your servant Prahlaad, O Dear Lord, and annihilated Harnaakhash. The Gurmukhs place their faith in the Dear Lord, but the self-willed manmukhs are deluded by doubt. ||1|| O Dear Lord, this is Your Glory. You preserve the honor of Your devotees, O Lord Master; Your devotees seek Your Sanctuary. ||Pause|| The Messenger of Death cannot touch Your devotees; death cannot even approach them. The Name of the Lord alone abides in their minds; through the Naam, the Name of the Lord, they find liberation. Wealth and all the spiritual powers of the Siddhis fall at the feet of the Lord’s devotees; they obtain peace and poise from the Guru. ||2||