ਸੂਹੀ ਮਹਲਾ ੫ ॥
ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥ ਮਾਨੈ ਹੁਕਮੁ ਤਜੈ ਅਭਿਮਾਨੈ ॥ ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥੧॥ ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥ ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥ ਸਖੀ ਸਹੇਲੀ ਕਉ ਸਮਝਾਵੈ ॥ ਸੋਈ ਕਮਾਵੈ ਜੋ ਪ੍ਰਭ ਭਾਵੈ ॥ ਸਾ ਸੋਹਾਗਣਿ ਅੰਕਿ ਸਮਾਵੈ ॥੨॥
ਧਨੁ = ਧਨੁ ਭਾਗਾਂ ਵਾਲੀ, ਸਲਾਹੁਣ-ਯੋਗ। ਸੋਹਾਗਨਿ =ਸੁਹਾਗ-ਭਾਗ ਵਾਲੀ। ਪਛਾਨੈ = ਸਾਂਝ ਪਾਂਦੀ ਹੈ। ਮਾਨੈ = ਮੰਨਦੀ ਹੈ। ਪ੍ਰਿਅ ਸਿਉ = ਪਿਆਰੇ ਨਾਲ। ਰਾਤੀ = ਮਗਨ, ਰੰਗੀ ਹੋਈ। ਰਲੀਆ = ਆਤਮਕ ਆਨੰਦ। ਮਾਨੈ = ਮਾਣਦੀ ਹੈ ॥੧॥ ਸਖੀਏ = ਹੇ ਸਹੇਲੀ! ਅਰਪਿ = ਭੇਟਾ ਕਰ ਦੇ। ਤਜਿ = ਤਿਆਗ ਕੇ। ਲਾਜ ਲੋਕਾਨੀ = ਲੋਕ ਦੀ ਲਾਜ, ਲੋਕ-ਲਾਜ ਦੀ ਖ਼ਾਤਰ ਕੰਮ ਕਰਨੇ ॥੧॥ ਕਉ = ਨੂੰ। ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗੇ। ਸਾ = ਉਹ {ਇਸਤ੍ਰੀ ਲਿੰਗ}। ਅੰਕਿ = ਗੋਦ ਵਿਚ ॥੨॥
ਹੇ ਸਹੇਲੀਏ! ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ, ਸੁਹਾਗ-ਭਾਗ ਵਾਲੀ bਹੈ, ਜੇਹੜੀ ਪ੍ਰਭੂ-ਪਤੀ ਨਾਲ ਸਾਂਝ ਬਣਾਂਦੀ ਹੈ, ਜੇਹੜੀ ਅਹੰਕਾਰ ਛੱਡ ਕੇ ਪ੍ਰਭੂ-ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ। ਉਹ ਜੀਵ-ਇਸਤ੍ਰੀ ਪਭੂ-ਪਤੀ (ਦੇ ਪਿਆਰ-ਰੰਗ) ਵਿਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਰਹਿੰਦੀ ਹੈ ॥੧॥ ਹੇ ਸਹੇਲੀਏ! ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ (ਮੈਥੋਂ) ਸੁਣ ਲੈ। (ਉਹ ਨਿਸ਼ਾਨੀ ਉਹ ਤਰੀਕਾ ਇਹ ਹੈ ਕਿ) ਲੋਕ-ਲਾਜ ਦੀ ਖ਼ਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਹ ॥੧॥ ਰਹਾਉ॥ (ਇਕ ਸਤਸੰਗੀ) ਸਹੇਲੀ (ਦੂਜੇ ਸਤਸੰਗੀ) ਸਹੇਲੀ ਨੂੰ (ਪ੍ਰਭੂ-ਪਤੀ ਦੇ ਮਿਲਾਪ ਦੇ ਤਰੀਕੇ ਬਾਰੇ) ਸਮਝਾਂਦੀ ਹੈ (ਤੇ ਆਖਦੀ ਹੈ ਕਿ) ਜੇਹੜੀ ਜੀਵ-ਇਸਤ੍ਰੀ ਉਹੀ ਕੁਝ ਕਰਦੀ ਹੈ ਜੋ ਪ੍ਰਭੂ-ਪਤੀ ਨੂੰ ਪਸੰਦ ਆ ਜਾਂਦਾ ਹੈ, ਉਹ ਸੁਹਾਗ-ਭਾਗ ਵਾਲੀ ਜੀਵ-ਇਸਤ੍ਰੀ ਉਸ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ ॥੨॥
Soohee, Fifth Mehl: Blessed is that soul-bride, who realizes God. She obeys the Hukam of His Order, and abandons her self-conceit. Imbued with her Beloved, she celebrates in delight. ||1|| Listen, O my companions – these are the signs on the Path to meet God. Dedicate your mind and body to Him; stop living to please others. ||1||Pause|| One soul-bride counsels another, to do only that which pleases God. Such a soul-bride merges into the Being of God. ||2||