Attari to Delhi : ਜਲੰਧਰ : ਰਾਸ਼ਟਰੀ ਸਵੈ-ਸੇਵਕ ਸੰਘ ਨੇ ਅਟਾਰੀ ਤੋਂ ਦਿੱਲੀ ਜਾਣ ਵਾਲੇ ਰਾਸ਼ਟਰੀ ਰਾਜਮਾਰਗ ਦਾ ਨਾਮਕਰਨ 9ਵੇਂ ਗੁਰੂ ਸ੍ਰੀ ਗੁਰੂ ਤੇਗਬਹਾਦਰ ਜੀ ਦੇ ਨਾਂ ‘ਤੇ ਕਰਨ ਦੀ ਮੰਗ ਕੀਤੀ ਹੈ। ਪ੍ਰੈਸ ਰਿਲੀਜ਼ ‘ਚ ਸੰਘ ਦੇ ਪੰਜਾਬ ਸੂਬਾ ਸੰਘਸੰਚਾਲਕ ਬ੍ਰਿਜਭੂਸ਼ਣ ਸਿੰਘ ਬੇਦੀ ਨੇ ਦੱਸਿਆ ਕਿ ਦੇਸ਼ ਗੁਰੂ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ। ਇਸ ਇਤਿਹਾਸਕ ਮੌਕੇ ‘ਤੇ ਅਟਾਰੀ ਤੋਂ ਦਿੱਲੀ ਜਾਣ ਵਾਲੇ ਇਸ ਜੀ. ਟੀ. ਰੋਡ ਦਾ ਨਾਮਕਰਨ ਉਨ੍ਹਾਂ ਦੇ ਨਾਂ ਕਰਨਾ ਉਨ੍ਹਾਂ ਪ੍ਰਤੀ ਦੇਸ਼ ਵਾਸੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿਉਂਕਿ ਇਸੇ ਰਾਜਮਾਰਗ ਦੇ ਨੇੜੇ ਸਥਾਨ ਬਾਬਾ ਬਕਾਲਾ ‘ਚ ਗੁਰੂ ਜੀ ਨੇ ਤਪੱਸਿਆ ਕੀਤੀ ਸੀ ਅਤੇ ਇਸੇ ਰਸਤੇ ਤੋਂ ਗੁਰੂ ਸਾਹਿਬ ਦੇ ਬਲਿਦਾਨ ਤੋਂ ਬਾਅਦ ਭਾਈ ਜੈਤਾ ਜੀ ਦਿੱਲੀ ਤੋਂ ਅੰਬਾਲਾ ਤੱਕ ਉਨ੍ਹਾਂ ਦਾ ਸੀਸ ਲੈ ਕੇ ਆਏ ਸਨ। ਇਸ ਤੋਂ ਬਾਅਦ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਪੁੱਜੇ ਸਨ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਜੀਵਨ ਬਲਿਦਾਨ ਕਰ ਦਿੱਤਾ। ਗੁਰੂ ਜੀ ਨੇ ਧਾਰਮਿਕ ਕੱਟੜਵਾਦ ਤੇ ਅਸਹਿਣਸ਼ੀਲਤਾ ਖਿਲਾਫ ਜਿਸ ਅੰਦੋਲਨ ਦੀ ਸ਼ੁਰੂਆਤ ਕੀਤੀ ਉਸ ਦਾ ਨਤੀਜਾ ਹੈ ਕਿ ਅੱਜ ਭਾਰਤ ਧਾਰਮਿਕ ਸਦਭਾਵਨਾ ਤੇ ਏਕਾਤਮਕਤਾ ਦਾ ਪ੍ਰਕਾਸ਼ ਪੁੰਜ ਬਣ ਕੇ ਪੂਰੀ ਦੁਨੀਆ ਦਾ ਮਾਰਗ ਦਰਸ਼ਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੀ. ਟੀ.ਰੋਡ ਦਾ ਨਾਮਕਰਨ ਗੁਰੂ ਜੀ ਦੇ ਨਾਂ ‘ਤੇ ਕਰਨ ਨਾ ਨਾ ਸਿਰਫ ਇਸ ਇਤਿਹਾਸਕ ਸ਼ੀਸ਼ ਯਾਤਰਾ ਤੇ ਗੁਰੂ ਜੀ ਦੇ ਬਲਿਦਾਨ ਦੀ ਯਾਦ ਤਾਜ਼ਾ ਹੋਵੇਗੀ ਸਗੋਂ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਣਾ ਮਿਲੇਗੀ। ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਜਨਮ 18 ਅਪ੍ਰੈਲ 1621 ਨੂੰ ਅੰਮ੍ਰਿਤਸਰ ‘ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਤਿਆਗ ਮਲ ਸੀ। ਉਨ੍ਹਾਂ ਨੇ ਕਰਤਾਰਪੁਰ ਦੀ ਜੰਗ ‘ਚ ਮੁਗਲ ਫੌਜ ਖਿਲਾਫ ਅਦਭੁੱਤ ਬਹਾਦੁਰੀ ਦਿਖਾਈ ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂ ਤੇਗ ਬਹਾਦੁਰ ਪਿਆ। 16 ਅਪ੍ਰੈਲ 1664 ਨੂੰ ਉਹ ਸਿੱਖਾਂ ਦੇ 9ਵੇਂ ਗੁਰੂ ਬਣੇ ਸਨ। ਉਨ੍ਹਾਂ ਦੇ ਜੀਵਨ ਦਾ ਪਹਿਲਾਂ ਦਰਸ਼ਨ ਇਹੀ ਸੀ ਕਿ ਧਰਮ ਦਾ ਰਸਤਾ ਸੱਚਾਈ ਤੇ ਜਿੱਤ ਦਾ ਰਸਤਾ ਹੈ। ਸ਼ਾਂਤੀ, ਮੁਆਫੀ ਤੇ ਸਹਿਣਸ਼ੀਲਤਾ ਦੇ ਗੁਣਾ ਵਾਲੇ ਗੁਰੂ ਤੇਗ ਬਹਾਦਰ ਜੀ ਨੇ ਲੋਕਾਂ ਨੂੰ ਪ੍ਰੇਮ, ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ।