Chandigarh graphic designer : ਚੰਡੀਗੜ੍ਹ : ਅੱਜ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਹੈ ਤੇ ਪੂਰੀ ਦੁਨੀਆ ‘ਚ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ‘ਚ ਗੁਰਪੁਰਬ ਮੌਕੇ ਵਿਸ਼ਾਲ ਕੀਰਤਨ ਕੱਢੇ ਜਾਂਦੇ ਹਨ ਤੇ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ। ਚੰਡੀਗੜ੍ਹ ਦੇ ਗ੍ਰਾਫਿਕ ਡਿਜ਼ਾਈਨਰ ਨੇ ਵੱਖਰੇ ਤਰੀਕੇ ਨਾਲ ਗੁਰਪੁਰਬ ਦੀ ਵਧਾਈ ਦਿੱਤੀ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ‘ਤੇ ਸਿਟੀ ਬਿਊਟੀਫੁੱਲ ਦੇ ਆਰਟਿਸਟ ਵਰੁਣ ਟੰਡਨ ਨੇ ਰੰਗਦਾਰ ਪੇਪਰ ਜ਼ਰੀਏ ਏਕਮਓਂਕਾਰ ਲਿਖਿਆ ਹੈ। ਇਹ 13 ਵੱਖ-ਵੱਖ ਰੰਗਾਂ ‘ਚ ਹੈ।
ਗ੍ਰਾਫਿਕ ਡਿਜ਼ਾਈਨਰ ਵਰੁਣ ਟੰਡਨ ਨੇ ਇਸ ਫੋਟੋ (ਪੋਟ੍ਰੇਟ) ‘ਤੇ 551 ਵਾਰ ਏਕਮਓਂਕਾਰ ਨੂੰ ਲਗਾਉਣ ‘ਚ ਲਗਭਗ 1102 ਕਿੱਲਾਂ ਦਾ ਇਸਤੇਮਾਲ ਕੀਤਾ ਹੈ। ਇਸ ਪੋਟ੍ਰੇਟ ਦੀ ਖਾਸ ਗੱਲ ਇਹ ਹੈ ਕਿ ਨੇੜਿਓਂ ਦੇਖਣ ਨਾਲ ਇਸ ‘ਤੇ ਏਕਮਓਂਕਾਰ ਲਿਖਿਆ ਹੋਇਆ ਦਿਖਾਈ ਦਿੰਦਾ ਹੈ ਤੇ ਜੇਕਰ ਇਸ ਨੂੰ ਦੂਰੀ ਤੋਂ ਦੇਖਿਆ ਜਾਵੇ ਤਾਂ ਇਸ ‘ਚ ਗੁਰੂ ਨਾਨਕ ਦੇਵ ਜੀ ਦੀ ਪ੍ਰਤਿਮਾ ਵੀ ਨਜ਼ਰ ਆਉਂਦੀ ਹੈ। ਇਸ ਨੂੰ ਚੰਡੀਗੜ੍ਹ ਦੇ ਸੈਕਟਰ-34 ਦੇ ਗੁਰਦੁਆਰਾ ਸਾਹਿਬ ‘ਚ ਲਗਾਇਆ ਗਿਆ ਹੈ।
ਵਰੁਣ ਟੰਡਨ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ‘ਤੇ ਖਾਸ ਤੌਰ ‘ਤੇ ਇਸ ਪੋਟ੍ਰੇਟ ਨੂੰ ਤਿਆਰ ਕੀਤਾ ਹੈ। ਇਸ ਨੂੰ ਬਣਾਉਣ ‘ਚ ਉਸ ਨੂੰ ਇੱਕ ਹਫਤੇ ਦਾ ਸਮਾਂ ਲੱਗਾ। ਇਸ ਲਈ ਉਸ ਨੇ 551 ਵਾਰ ਕਾਗਜ਼ ‘ਤੇ ਏਕਮਓਂਕਾਰ ਲਿਖਿਆ ਅਤੇ ਉਸ ਨੂੰ ਇੱਕ ਆਕਾਰ ਦਿੱਤਾ। ਇਸ ਤੋਂ ਬਾਅਦ 13 ਰੰਗਾਂ ਦਾ ਇਸ ‘ਤੇ ਇਸਤੇਮਾਲ ਕੀਤਾ। ਇਸ ਨੂੰ ਛੇ ਗੁਣਾ ਚਾਰ ਦੇ ਤਖਤ ‘ਤੇ ਲਗਾਇਆ ਗਿਆ ਹੈ।
ਗ੍ਰਾਫਿਕ ਡਿਜ਼ਾਈਨਰ ਵਰੁਣ ਚੰਡਨ ਦਾ ਕਹਿਣਾ ਹੈ ਕਿ ਉਹ ਇਸ ਪੋਟ੍ਰੇਟ ਨੂੰ ਕਿਸੇ ਧਾਰਮਿਕ ਸੰਸਥਾ ਅਤੇ ਸਿੱਖ ਸਿੱਖਿਅਕ ਸੰਸਥਾ ਨੂੰ ਮੁਫਤ ‘ਚ ਦੇਣਾ ਚਾਹੁੰਦੇ ਹਨ। ਉਨ੍ਹਾਂ ਦੇ ਅਜਿਹਾ ਕਰਨ ਨਾਲ ਹੀ ਇਸ ਪੋਟ੍ਰੇਟ ਨੂੰ ਸਹੀ ਥਾਂ ਮਿਲ ਸਕੇਗਾ।
ਇਹ ਵੀ ਪੜ੍ਹੋ : 80 ਸਾਲਾਂ ਦਾ ਬਾਬਾ ਬਣਿਆ ਲਾੜਾ, ਬਰਾਤ ਪੁੱਜੀ ਕੁੰਡਲੀ, ਕਹਿੰਦੇ ਮੁਕਲਾਵਾ ਨਾਲ ਲੈ ਕੇ ਜਾਣੈ