Guru Sahib bestows : ਚਮਕੌਰ ਵਿਚ ਬਹੁਤ ਭਾਰੀ ਜੰਗ ਹੋਈ ਜਿਸ ‘ਚ ਬਹੁਤ ਸਾਰੇ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਬਾਕੀ ਬਚੇ 11 ਸਿੰਘਾਂ ਨੇ ਆਪਸ ਵਿੱਚ ਰਲ ਮਤਾ ਪਾਸ ਕੀਤਾ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਇਥੋਂ ਸੁਰਖਿਅਤ ਨਿਕਲ ਜਾਣ, ਕਿਉਂਕਿ ਉਹ ਜਾਣਦੇ ਸਨ ਕਿ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਨੂੰ ਗੁਰੂ ਸਾਹਿਬ ਜੀ ਦੀ ਅਗਵਾਈ ਦੀ ਬਹੁਤ ਜ਼ਰੂਰਤ ਹੈ। ਇਸ ਲਈ ਸਿੰਘਾਂ ਨੇ ਪੰਜ ਪਿਆਰੇ ਚੁਣ ਕੇ ਗੁਰੂ ਸਾਹਿਬ ਜੀ ਨੂੰ ਚਮਕੌਰ ਦੀ ਗੜ੍ਹੀ ਛੱਡ ਜਾਣ ਦਾ ਹੁਕਮ ਦਿੱਤਾ। ਗੁਰੂ ਸਾਹਿਬ ਜੀ ਨੇ ਵੀ ਖਾਲਸੇ ਨੂੰ ਗੁਰੂ ਰੂਪ ਜਾਣ ਕੇ ਗੜ੍ਹੀ ਛੱਡ ਜਾਣ ਦਾ ਹੁਕਮ ਪ੍ਰਵਾਨ ਕਰ ਲਿਆ ਅਤੇ ਆਪਣੀ ਜਗ੍ਹਾ ਕਲਗੀ ਅਤੇ ਪੌਸ਼ਾਕ ਬਾਬਾ ਸੰਗਤ ਸਿੰਘ ਦੇ ਸੀਸ ਉਤੇ ਸਜਾ ਕੇ ਖਾਲਸੇ ਨੂੰ ਗੁਰੂਤਾ ਬਖਸ਼ ਦਿੱਤੀ।
ਬਾਬਾ ਸੰਗਤ ਸਿੰਘ ਦੀ ਸ਼ਕਲ-ਸੂਰਤ ਗੁਰੂ ਸਾਹਿਬ ਜੀ ਨਾਲ ਮਿਲਦੀ ਸੀ। ਮੁਗ਼ਲਾਂ ਨੇ ਦੁਬਾਰਾ ਚਮਕੌਰ ਦੀ ਗੜ੍ਹੀ ਉਤੇ ਹਮਲਾ ਕੀਤਾ ਕਿਉਂਕਿ ਬਾਬਾ ਜੀ ਦੇ ਪਹਿਨੀ ਹੋਈ ਗੁਰੂ ਸਾਹਿਬ ਵਾਲੀ ਪੌਸ਼ਾਕ ਮੁਗਲਾਂ ਨੂੰ ਗੁਰੂ ਸਾਹਿਬ ਦਾ ਬਾਰ-ਬਾਰ ਭੁਲੇਖਾ ਪਾਉਂਦੀ ਸੀ। ਬਾਬਾ ਸੰਗਤ ਸਿੰਘ ਦੀ ਕਮਾਂਡ ਹੇਠ ਸਿੰਘਾਂ ਨੇ ਬੜੀ ਬਹਾਦਰੀ ਅਤੇ ਦਲੇਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕੀਤਾ। ਬਾਬਾ ਸੰਗਤ ਸਿੰਘ ਨੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਤੀਰਾਂ ਨਾਲ ਦੁਸ਼ਮਣਾਂ ਦਾ ਨਾਸ਼ ਕੀਤਾ। ਬਾਬਾ ਜੀ ਜ਼ਖਮੀ ਹੋਏ ਵੀ ਅੰਤ ਸਮੇਂ ਤਕ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਉਂਦੇ ਹੋਏ ਸ਼ਹਾਦਤ ਪ੍ਰਾਪਤ ਕਰ ਕੇ ਸਦਾ ਲਈ ਗੁਰੂ-ਚਰਨਾਂ ਵਿਚ ਜਾ ਬਿਰਾਜੇ।
ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਚਾਰ ਮਹੀਨੇ ਬਾਅਦ ਭਾਈ ਰਣੀਏ ਜੀ ਦੇ ਘਰ ਬੀਬੀ ਅਮਰੋ ਜੀ ਦੀ ਕੁੱਖੋਂ ਹੋਇਆ। ਬਾਬਾ ਸੰਗਤ ਸਿੰਘ ਦਾ ਮੁੱਢਲਾ ਜੀਵਨ ਪਟਨੇ ਸ਼ਹਿਰ ਵਿਚ ਦਸਮੇਸ਼ ਪਿਤਾ ਜੀ ਨਾਲ ਹੱਸ-ਖੇਡ ਕੇ ਅਤੇ ਬਾਲ-ਲੀਲ੍ਹਾ ਦੇ ਕੌਤਕ ਦੇਖਦਿਆਂ ਗੁਜ਼ਰਿਆ। ਦਸਮੇਸ਼ ਪਿਤਾ ਜੀ ਨਾਲ ਰਹਿ ਕੇ ਭਾਈ ਸੰਗਤੇ ਨੇ ਸ਼ਸਤਰ ਵਿੱਦਿਆ, ਨਿਸ਼ਾਨੇਬਾਜ਼ੀ, ਨੇਜੇਬਾਜ਼ੀ ਅਤੇ ਘੋੜਿਆਂ ਦੀਆਂ ਦੌੜਾਂ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕੀਤੀ।