ਔਕਲੈਂਡ: ਨਿਊਜ਼ੀਲੈਂਡ ਆਰਮੀ ਇਸ ਸਮੇਂ 175ਵੇਂ ਸਾਲ ਦੇ ਵਿਚ ਹੈ। ਇਹ ਦੇਸ਼ ਭਾਵੇਂ ਧਰਤੀ ਦੇ ਨਾਲ ਧਰਤੀ ਜੋੜਨ ਵਾਲੀ ਸਰਹੱਦ ਨਹੀਂ ਰੱਖਦਾ ਪਰ ਸਮੁੰਦਰੀ ਸਰਹੱਦਾਂ ਦੀ ਰਾਖੀ ਬਾਖੂਬੀ ਕਰਦਾ ਹੈ। ਦੇਸ਼ ਦੀ ਸੁਰੱਖਿਆ ਲਈ ਇੱਥੇ ਦੀ ਆਰਮੀ ਇੱਕ ਆਧੁਨਿਕ ਸੈਨਾ ਹੈ ਜੋ ਕਿ ਸੰਯੁਕਤ ਰਾਸ਼ਟਰ ਦੀ ਸਹਾਇਤਾ ਨਾਲ ਅਫਗਾਨਿਸਤਾਨ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਦਿੰਦੀ ਹੈ। ਬੀਤੇ ਕੱਲ੍ਹ ਆਰਮੀ ਦੇ ਵਿਚ ਨਵੇਂ ਭਰਤੀ ਹੋਏ 63 ਮੁੰਡਿਆਂ ਦੀ ਪਾਸਿੰਗ ਪ੍ਰੇਡ ਹੋਈ।
ਇਸ ਪਾਸਿੰਗ ਪ੍ਰੇਡ ਦੇ ਵਿਚ 23 ਸਾਲਾ ਇਕ ਗੋਰੇ ਨੌਜਵਾਨ ਜਿਸਨੇ ਆਰਮੀ ਦੀ ਵਰਦੀ ਵਾਲੀ ਹਰੀ ਰੰਗੀ ਪੱਗ ਬੰਨ੍ਹੀ ਹੋਈ ਸੀ ਤਾਂ ਸਾਰਿਆਂ ਦਾ ਧਿਆਨ ਉਸ ਵੱਲ ਖਿੱਚਿਆ ਗਿਆ। ਗੋਰਾ ਚਿੱਟਾ ਰੰਗ ਅਤੇ ਉਸਦੀ ਵੱਖਰੀ ਪਹਿਚਾਣ ਸਿੱਖੀ ਦੀ ਵੱਖਰੀ ਪਹਿਚਾਣ ਦਾ ਵਾਕਿਆ ਪੂਰਾ ਕਰ ਰਹੀ ਸੀ। ਇਸ ਗੋਰੇ ਨੌਜਵਾਨ ਦਾ ਨਾਂਅ ਹੈ ਲੂਈ ਸਿੰਘ ਖਾਲਸਾ। ਵੈਸੇ ਇਸਦਾ ਅੰਗਰੇਜੀ ਨਾਂਅ ਲੂਈਸ ਟਾਲਬੋਟ ਪਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਇਹ ਗੋਰਾ ਸਿੱਖ ਲੂਈ ਸਿੰਘ ਖ਼ਾਲਸਾ ਬਣ ਗਿਆ।