Satwant and Bhai : ਦੁਨੀਆਂ ਦੇ ਇਤਿਹਾਸ ਦੇ ਅੰਦਰ ਇੱਕ ਜਿਊਂਦੀ ਜਾਗਦੀ ਕੌਮ-ਸਿੱਖ ਕੌਮ ਹੈ, ਜਿਸ ਦਾ ਜਨਮ ਹੀ ਖੰਡੇ ਦੀ ਧਾਰ ਤੋਂ ਹੋਇਆ ਹੈ। ਜ਼ੁਲਮ ਕਰਨ ਵਾਲਿਆਂ ਨੇ ਜ਼ੁਲਮ ਦੀ ਅਖੀਰ ਕੀਤੀ ਹੋਈ ਹੈ ਪਰ ਧੰਨ ਹਨ ਗੁਰੂ ਕਲਗੀਧਰ ਦੇ ਲਾਡਲੇ ਸਪੁੱਤਰ-ਸਪੁੱਤਰੀਆਂ, ਜਿਨ੍ਹਾਂ ਨੇ ਖ਼ਾਲਸਾਈ ਨਿਸ਼ਾਨ ਸਾਹਿਬ ਨੂੰ ਉਚਾ ਹੀ ਉਚਾ ਰੱਖਿਆ ਹੋਇਆ ਹੈ। 6 ਜਨਵਰੀ, 1989 ਨੂੰ ਕੌਮ ਦੇ ਮਹਾਨ ਸੂਰਬੀਰਾਂ ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਆਪਣੇ ਗਲੇ ਵਿੱਚ ਪਾ ਲਿਆ।
ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਜਿਨ੍ਹਾਂ ਨੇ ਜੂਨ 1984 ਵੇਲੇ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ, ਸ੍ਰੀ ਦਰਬਾਰ ਸਾਹਿਬ ‘ਤੇ ਗੋਲੀਆਂ ਦਾਗ਼ਣ, ਸੈਂਕੜੇ ਸੰਗਤਾਂ ਨੂੰ ਗੁਰਪੁਰਬ ਮੌਕੇ ਤੋਪਾਂ ਟੈਂਕਾਂ ਤੇ ਗੋਲੀਆਂ ਨਾਲ ਮਾਰਨ ਵਾਲੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅੰਨ੍ਹੇਵਾਹ ਗੋਲੀਆਂ ਮਾਰੀਆਂ ਸਨ। 31 ਅਕਤੂਬਰ ਨੂੰ ਗੁਰੂ ਕੇ ਲਾਲਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਦਿੱਲੀ ਸਾਮਰਾਜ ਦੀ ਪਟਰਾਣੀ ਇੰਦਰਾ ਗਾਂਧੀ ਨੂੰ ਉਸ ਦਾ ਬਣਦਾ ਹੱਕ ਅਦਾ ਕੀਤਾ। ਇੰਦਰਾ ਗਾਂਧੀ ਨੂੰ ਇਨਸਾਫ ਦੇਣ ਵਾਲੇ ਇਹ ਦੋ ਯੋਧੇ, ਸ਼ਾਂਤਚਿੱਤ ਆਪਣੀ ਥਾਂ ’ਤੇ ਖੜ੍ਹੇ ਰਹੇ, ਗੁਰੂ ਦੀ ਸ਼ੁਕਰਗੁਜ਼ਾਰੀ ਵਿੱਚ, ਜਿਸ ਨੇ ਕਿ ਉਨ੍ਹਾਂ ਤੋਂ ਮਹਾਨ ਇਤਿਹਾਸਕ ਸੇਵਾ ਲਈ ਸੀ। ਇੰਦਰਾ ਗਾਂਧੀ ਦੇ ਨਾਲ ਜਾ ਰਹੇ ਕਿਸੇ ਨੂੰ ਕੋਈ ਗੋਲੀ ਨਹੀਂ ਲੱਗੀ, ਕਿਸੇ ਹੋਰ ਬੇਗੁਨਾਹ ਨੂੰ ਨਹੀਂ ਮਾਰਿਆ ਗਿਆ। ਇਹ ਸੀ ਸਿੱਖ ਇਨਸਾਫ਼ ਦਾ ਤਰਾਜੂ। ਦੋਨੋਂ ਸਿੰਘਾਂ ਨੂੰ ਕਮਰੇ ਅੰਦਰ ਲਿਜਾ ਕੇ, ਕਿਸੇ ਖਾਸ ਹੁਕਮ ਨਾਲ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਭਾਈ ਬੇਅੰਤ ਸਿੰਘ ਤਾਂ ਮੌਕੇ ‘ਤੇ ਹੀ ਸ਼ਹੀਦੀ ਪਾ ਗਏ ਜਦੋਂਕਿ ਭਾਈ ਸਤਵੰਤ ਸਿੰਘ ਹੋਰਾਂ ਨੂੰ ਡਾਕਟਰਾਂ ਨੇ ਕਾਫੀ ਜੱਦੋਜਹਿਦ ਤੋਂ ਬਾਅਦ ਬਚਾ ਲਿਆ। ਇੱਕ ਗੋਲੀ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਅਖੀਰ ਤੱਕ ਰਹੀ, ਜਿਸ ਨੂੰ ਜਾਣਬੁੱਝ ਕੇ ਨਹੀਂ ਕੱਢਿਆ ਗਿਆ ਤਾਂਕਿ ਉਸ ਦੀ ਪੀੜ ਲਗਾਤਾਰ ਬਣੀ ਰਹੇ।
ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ 6 ਜਨਵਰੀ, 1989 ਦੀ ਸਵੇਰ ਨੂੰ ਤਿਹਾੜ ਜੇਲ੍ਹ ਵਿਚਲੇ ਫਾਂਸੀ ਘਰ ਵੱਲ ਵਧੇ। ਉਹਨਾਂ ਦੀ ਦਲੇਰੀ ਤੇ ਨਿਡਰਤਾ ਦੇਖ ਕੇ ਜੇਲ੍ਹ ਅਧਿਕਾਰੀਆਂ ਨੇ ਮੂੰਹ ਵਿੱਚ ਉਂਗਲਾਂ ਪਾਈਆਂ। ਭਾਈ ਸਤਵੰਤ ਸਿੰਘ ਨੇ ਆਪਣੇ ਪਿਤਾ ਰਾਹੀਂ ਦਿੱਤੇ ਕੌਮ ਨੂੰ ਸੰਦੇਸ਼ ਵਿੱਚ ਇਹ ਇੱਛਾ ਜ਼ਾਹਿਰ ਕੀਤੀ ਕਿ “ਮੈਂ ਮੁੜ ਸਿੱਖਾਂ ਦੇ ਘਰ ਜਨਮ ਲੈ ਕੇ, ਪੰਥ ਦੇ ਵੈਰੀਆਂ ਨੂੰ ਸੋਧਾਂ।” ਕਿਸੇ ਅਜ਼ਬ ਮਸਤੀ ਵਿੱਚ ਦੋਨੋਂ ਸਿੰਘ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਦਿੱਲੀ ਦਰਬਾਰ ਨੇ ਗੁਰੂ ਚਰਨਾਂ ਦੇ ਭੌਰਿਆਂ ਦਾ ਆਪ ਹੀ ਸਸਕਾਰ ਕਰਕੇ ਉਨ੍ਹਾਂ ਦੀ ਭਸਮ ਹਰਦਵਾਰ, ਗੰਗਾ ਨਦੀ ਵਿੱਚ ਪਾਈ ਜਦੋਂ ਕਿ ਰਿਸ਼ਤੇਦਾਰਾਂ ਵਲੋਂ ਕੀਰਤਪੁਰ ਸਾਹਿਬ ਦੀ ਬੇਨਤੀ ਕੀਤੀ ਗਈ ਸੀ।