Special on the : ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1621 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰਦਵਾਰਾ ਗੁਰੂ ਕੇ ਮਹਿਲ ਦੇ ਸਥਾਨ ਤੇ ਹੋਇਆ। ਆਪ ਜੀ ਦਾ ਬਚਪਨ ਦਾ ਨਾਮ ਤਿਆਗ ਮੱਲ ਸੀ। 1635 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਹਰਗੋਬਿੰਦ ਜੀ ਨੇ ਇਨ੍ਹਾਂ ਦੀ ਬਹਾਦਰੀ ਨੂੰ ਵੇਖਦਿਆਂ ਆਪ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। “ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨਿ” ਉਨ੍ਹਾਂ ਦੇ ਜੀਵਨ-ਸਿਧਾਂਤ ਹੈ। ਉਨ੍ਹਾਂ ਦੀ ਬਾਣੀ ਮੂਲ ਪ੍ਰਕਿਰਤੀ ਵੈਰਾਗਮਈ ਹੈ ਜੋ ਸੰਸਾਰ ਤੇ ਸੰਸਾਰਿਕ ਰਿਸ਼ਤਿਆਂ ਨੂੰ ਨਾਸ਼ਵਾਨ ਮੰਨ ਕੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਸਿੱਖਿਆ ਦਿੰਦੀ ਹੈ।
ਸ੍ਰੀ ਗੁਰੂ ਤੇਗ ਬਹਾਦੁਰ ਜੀ ਮਹਾਨ ਯੋਧਾ ਸਨ ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣੀ ਸ਼ਹੀਦੀ ਦੇ ਦਿੱਤੀ। ਜਦੋਂ ਕਸ਼ਮੀਰੀ ਪੰਡਤਾਂ ਨੂੰ ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਕਿਸੇ ਤਰ੍ਹਾਂ ਵੀ ਬਚਾਉ ਦੀ ਉਮੀਦ ਨਹੀਂ ਰਹੀ ਤਾਂ ਉਹ ਕਿਰਪਾ ਰਾਮ ਦੀ ਅਗਵਾਈ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ’ਚ ਹਾਜ਼ਰ ਹੋਏ। ਕਸ਼ਮੀਰੀ ਪੰਡਿਤਾਂ ਨੇ ਆਪਣਾ ਸਾਰਾ ਦੁੱਖ-ਦਰਦ ਗੁਰੂ ਜੀ ਨੂੰ ਸੁਣਾਇਆ। ਉਨ੍ਹਾਂ ਦੀ ਫ਼ਰਿਆਦ ਸੁਣ ਕੇ ਗੁਰੂ ਜੀ ਸੋਚਣ ਲੱਗੇ ਕਿ ਇਨ੍ਹਾਂ ਦੇ ਬਚਾਅ ਲਈ ਕਿਸੇ ਮਹਾਨ ਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਜਦ ਇਸ ਗੱਲ ਦਾ ਪਤਾ 9 ਵਰ੍ਹਿਆਂ ਦੇ ਬਾਲ ਗੋਬਿੰਦ ਰਾਇ ਜੀ ਨੂੰ ਲੱਗਾ ਤਾਂ ਉਹ ਬੜੇ ਸਵੈ-ਵਿਸ਼ਵਾਸ ਤੇ ਨਿਡਰਤਾ ਨਾਲ ਕਹਿਣ ਲੱਗੇ, “ਆਪ ਜੀ ਨਾਲੋਂ ਵੱਡਾ ਪੁਰਸ਼ ਕੌਣ ਹੋ ਸਕਦਾ ਹੈ? ਤੁਸੀਂ ਹੀ ਹਿੰਦੂ ਧਰਮ ਨੂੰ ਬਚਾਓ!” ਇਹ ਸੁਣ ਕੇ ਗੁਰੂ ਜੀ ਨੂੰ ਯਕੀਨ ਹੋ ਗਿਆ ਕਿ ਬਾਲ ਗੋਬਿੰਦ ਜੀ ਗੁਰਗੱਦੀ ਸੰਭਾਲਣ ਦੇ ਯੋਗ ਹਨ। ਉਨ੍ਹਾਂ ਕਸ਼ਮੀਰੀ ਪੰਡਤਾਂ ਨੂੰ ਦਿਲਾਸਾ ਦੇ ਕੇ ਆਖਿਆ ਕਿ ਜਾ ਕੇ ਬਾਦਸ਼ਾਹ ਨੂੰ ਇਹ ਕਹਿ ਦੇਣ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਤਾਂ ਉਹ ਸਾਰੇ ਮੁਸਲਮਾਨ ਬਣ ਜਾਣਗੇ। ਇਹ ਸੰਦੇਸ਼ ਲੈ ਕੇ ਕਸ਼ਮੀਰੀ ਪੰਡਤ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਪਾਸ ਪਹੁੰਚੇ ਅਤੇ ਕੁਝ ਸਮੇਂ ਲਈ ਬਾਦਸ਼ਾਹ ਦੇ ਜ਼ੁਲਮ ਤੋਂ ਛੁਟਕਾਰਾ ਪਾਇਆ। ਗੁਰੂ ਸਾਹਿਬ ਨੂੰ ਦਿੱਲੀ ਤੋਂ ਬੁਲਾਵਾ ਆਇਆ ਤਾਂ ਉਹ ਗੁਰਗੱਦੀ ਗੋਬਿੰਦ ਰਾਇ ਜੀ ਨੂੰ ਸੰਭਾਲ ਕੇ ਆਪ ਦੀਵਾਨ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਤੇ ਭਾਈ ਜੈਤਾ ਜੀ ਆਦਿ ਸਿੱਖਾਂ ਨੂੰ ਨਾਲ ਲੈ ਕੇ ਜਥੇ ਦੇ ਰੂਪ ’ਚ ਅਨੰਦਪੁਰ ਤੋਂ ਰਵਾਨਾ ਹੋ ਗਏ।
ਗੁਰੂ ਜੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਇਸਲਾਮ ਧਰਮ ਧਾਰਨ ਨਹੀਂ ਕੀਤਾ। ਗੁਰੂ ਤੇਗ ਬਹਾਦੁਰ ਦੇ ਧੀਰਜ ਅਤੇ ਬਹਾਦੁਰੀ ਅੱਗੇ ਚਿੱਤ ਹੋਏ ਔਰੰਗਜੇਬ ਨੇ ਚਾਂਦਨੀ ਚੌਂਕ ਵਿੱਚ ਗੁਰੂਜੀ ਦਾ ਸੀਸ ਵੱਢਣ ਦੇ ਹੁਕਮ ਜਾਰੀ ਕੀਤੇ ਸਨ। ਅਤੇ ਉਹ 24 ਨਵੰਬਰ 1675 ਦਾ ਦਿਨ ਸੀ ਜਦੋਂ ਗੁਰੂ ਤੇਗ ਬਹਾਦੁਰ ਨੇ ਧਰਮ ਦੀ ਰੱਖਿਆ ਲਈ ਆਪਣੀ ਸ਼ਹੀਦੀ ਦੇ ਦਿੱਤੀ।