Takht Sachkhand Sri : ਕਲਗੀਧਰ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਲਾਸਾਨੀ ਜੀਵਨ ਦੀਆਂ ਅੰਤਿਮ ਘੜੀਆਂ ਨਾਲ ਸਬੰਧਤ ਇਹ ਪਵਿੱਤਰ ਅਸਥਾਨ ਖਾਲਸਾ ਪੰਥ ਦੇ ਪੰਜ ਤਖ਼ਤਾਂ ਵਿਚੋਂ ਇਕ ਅਹਿਮ ਤਖ਼ਤ ਹੈ । ਜਿਸ ਦੇ ਦਰਸ਼ਨ ਕਰਨ ਲਈ, ਹਿੰਦੋਸਤਾਨ ਵਿਚੋਂ ਹੀ ਨਹੀਂ, ਸਗੋਂ ਸੰਸਾਰ ਭਰ ਵਿਚੋਂ ਸੰਗਤਾਂ ਇੱਥੇ ਪੁੱਜਦੀਆਂ ਹਨ । ਕਿਉਂਕਿ ਇਹ ਉਹ ਤੀਰਥ ਅਸਥਾਨ ਹੈ, ਜਿਵੇਂ ਮੁਸਲਮਾਨਾਂ ਲਈ ‘ਮੱਕਾ’ ਅਤੇ ਹਿੰਦੂਆਂ ਲਈ ‘ ਕਾਸ਼ੀ’ ।ਇਸ ਦੇ ਦਰਸ਼ਨ ਕਰਨ ਲਈ ਬੱਚਿਆਂ ਤੋਂ ਲੈਕੇ ਬਜੁਰਗਾਂ ਤਕ ਸੱਭਨਾਂ ਦੀਆਂ ਜਿੰਦਗੀਆਂ ਜੀਵਨ ਭਰ ਬੇਚੈਨ ਰਹਿੰਦੀਆਂ ਹਨ।ਇਹ ਉਹ ਸੱਚਖੰਡ ਹੈ ਜਿੱਥੇ ਨਿਰੰਕਾਰ ਹਾਜ਼ਰਾ ਹਜ਼ੂਰ ਹੋ ਕੇ ਵਾਸ ਕਰਦਾ ਹੈ।
ਦਸ਼ਮੇਸ਼ ਪਿਤਾ ਜੀ ਨੇ ਇਸ ਨਾਂਦੇੜ ਨਗਰੀ ਵਿਚ ਅਨੇਕ ਕੌਤਕ ਵਿਖਾਉਣ ਤੋਂ ਬਾਅਦ ਗੁਰਦੁਆਰਾ ਨਗੀਨਾ ਘਾਟ ਸਾਹਿਬ ਤੋਂ ਤੀਰ ਚੱਲਾ ਕੇ ਆਪਣਾ ਸੱਤਯੁੱਗ ਦਾ ਤਪੋ ਅਸਥਾਨ ਪ੍ਰਗਟ ਕੀਤਾ।ਗੁਰੂ ਜੀ ਵੱਲੋਂ ਛੱਡਿਆ ਹੋਇਆ ਤੀਰ ਜਿਸ ਥਾਂ ’ਤੇ ਜਾ ਕੇ ਲੱਗਿਆ ਉਹ ਇਕ ਮੁਸਲਮਾਨ ਦੀ ਜ਼ਮੀਨ ਸੀ।ਉਸ ਨੂੰ ਇਹ ਕਿਹਾ ਗਿਆ ਕਿ ਇਸ ਥਾਂ ’ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਪੱਸਿਆ ਕੀਤੀ ਹੋਈ ਹੈ ਇਸ ਲਈ ਇਹ ਜ਼ਮੀਨ ਖਾਲੀ ਕਰ ਦਿੱਤੀ ਜਾਵੇ ਜਮੀਨ ਦੇ ਮਾਲਕ ਨੇ ਉਹ ਜਮੀਨ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।ਦਸ਼ਮੇਸ਼ ਪਿਤਾ ਨੇ ਕਿਹਾ ਕਿ ਇਹ ਅਸਥਾਨ ਸਤਿਯੁੱਗ ਤੋਂ ਸਾਡਾ ਚੱਲਿਆ ਆ ਰਿਹਾ ਹੈ ।ਉਸ ਵਕਤ ਗੁਰੂ ਜੀ ਨੇ ਉਸ ਥਾਂ ’ਤੇ ਖੁਦਾਈ ਕਰਵਾਈ ਤਾਂ ਆਪਣੇ ਸਤਿਗੁਰੀ ਆਸਣ, ਕਰਮੰਡਲ, ਖੜਾਵਾਂ ਤੇ ਮਾਲਾ ਕੱਢਵਾ ਕੇ ਗੁਰੂ ਜੀ ਨੇ ਆਪਣਾ ਸਤਿਯੁਗੀ ਅਸਥਾਨ ਪ੍ਰਗਟ ਕੀਤਾ, ਜੋ ਤੱਪ ਕਰਕੇ ਉਸੇ ਤਰ੍ਹਾਂ ਕਾਇਮ ਸੀ।ਮੁਸਲਮਾਨ ਨੇ ਇਹ ਸੱਭ ਵੇਖ ਕੇ ਗੁਰੂ ਜੀ ਨੂੰ ਜਮੀਨ ਦੇਣ ਲਈ ਹਾਂ ਕਰ ਦਿੱਤੀ।ਸਤਿਗੁਰੂ ਨੇ ਪ੍ਰਸੰਨ ਹੋ ਕੇ ਉਸ ਜਮੀਨ ਦੇ ਮਾਲਕ ਨੂੰ ਇਸ ਅਸਥਾਨ ’ਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਕੀਮਤ ਅਦਾ ਕੀਤੀ ।ਇਸ ਅਸਥਾਨ ’ਤੇ ਪ੍ਰਗਟ ਹੋਣ ਤੋਂ ਬਾਅਦ ਇੱਥੇ ਦੋਵੇਂ ਵੇਲੇ ਦੀਵਾਨ ਲੱਗਣ ਲੱਗ ਪਏ।ਗੁਰੂ ਜੀ ਨਵੇਂ ਨਵੇਂ ਚੋਜ ਵਰਤਾਉਣ ਲੱਗੇ।ਗੁਰੂ ਜੀ ਦੇ ਵਚਨ ਸੁਣ ਕੇ ਦੂਰ-ਦੂਰ ਤੋਂ ਆਉਂਦੀਆਂ ਸੰਗਤਾਂ ਨਿਹਾਲ ਹੋ ਜਾਂਦੀਆਂ ।ਸਾਰਾ ਹੀ ਨਜਾਰਾ ਆਨੰਦ ਮਈ ਹੋ ਕੇ ਬੈਕੁੰਠ ਧਾਮ ਨੂੰ ਮਾਤ ਪਾਉਣ ਲੱਗਾ।ਹਰ ਰੋਜ ਸੂਰਮੇ ਸ਼ਾਮ ਨੂੰ ਗਤਕਾਬਾਜੀ ਅਤੇ ਸ਼ਸਤਰਾ ਦੇ ਜ਼ੋਹਰ ਵਿਖਾਉਣ ਲੱਗੇ ਦਿਨ-ਪ੍ਰਤੀ ਦਿਨ ਇੱਥੇ ਰੋਣਕਾਂ ਵੱਧਣ ਲੱਗੀਆ ।
ਤਖਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਸ਼ਹਿਰ ਵਿੱਚ ਗੋਦਾਵਰੀ ਨਦੀ ਦੇ ਕੰਢੇ ਉੱਤੇ ਸਥਿਤ ਇੱਕ ਗੁਰਦੁਆਰਾ ਹੈ। ਇਹ ਉਹ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਪੰਜ ਤੱਤਾਂ ਵਿੱਚ ਮਿਲਾ ਕੇ ਆਤਮ ਜੋਤ ਪਰਮਾਤਮਾ ਵਿੱਚ ਮਿਲਾ ਦਿੱਤਾ। ਇੱਥੇ ਹੀ ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸਾਹਿਬੇ ਕਲਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਆਖਰੀ ਚੋਜ਼ਾਂ ਦੀ ਯਾਦ ‘ਚ ਸੁਭਾਇਮਾਨ ਹੈ। ਪੰਥ ਪ੍ਰਕਾਸ਼ ਕਰਨ ਲਈ ਹਜ਼ੂਰ ਨੇ ਜਿਹੜਾ ਜੀਵਨ ਸਫਰ ਪੂਰਬ ‘ਚ ਪਟਨੇ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਕੀਤਾ ਤੇ ਪੰਜਾਬ ਜਿਨ੍ਹਾਂ ਦੀ ਕਰਮ ਭੂਮੀ ਰਿਹਾ ਤੇ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਉਨ੍ਹਾਂ ਦੀ ਹੀ ਸੰਪੂਰਨਤਾ ਸੀ। ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਅਤੇ ਇਸ ਨਾਲ ਸਬੰਧਤ ਦੂਸਰੇ ਗੁਰੂ ਧਾਮਾਂ ਦੀ ਮਹਿਮਾਂ, ਸਿੱਖ ਜਗਤ ਦੇ ਹਰ ਇਕ ਗੁਰਸਿੱਖ ਮਾਈ ਭਾਈ ਦੇ ਹਿਰਦੇ ਨੂੰ ਖਿੱਚ ਪਾਉਂਦੀ ਹੈ ਅਤੇ ਹਰ ਇਕ ਗੁਰ ਸਿੱਖ ਇੱਥੇ ਦੇ ਗੁਰੂ ਧਾਮਾਂ ਦੇ ਦਰਸ਼ਨ ਯਾਤਰਾ ਦੀ ਲੋਚਾ ਰੱਖਦਾ ਹੈ । ਜਿਹੜਾ ਦਰਸ਼ਨ ਕਰਕੇ ਜਾਂਦਾ ਹੈ, ਉਹ ਬਾਰ-ਬਾਰ ਦਰਸ਼ਨਾਂ ਦੀ ਤਮੰਨਾ ਰੱਖਦਾ ਹੈ ।