Today is the : ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਯਾਦ ‘ਚ ਤਿੰਨ ਦਿਨਾਂ ਜੋੜ ਮੇਲਾ ਕਰਵਾਇਆ ਜਾਂਦਾ ਹੈ। ਅੱਜ ਜੋੜ ਮੇਲੇ ਦਾ ਆਖਰੀ ਦਿਨ ਹੈ। ਆਖਰੀ ਦਿਨ ਸੰਗਤਾਂ ਬਹੁਤ ਹੁੰਮ-ਹੁੰਮਾ ਕੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਲਈ ਪੁੱਜੀਆਂ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਪਾਠ ਕੀਤਾ ਗਿਆ ਤੇ ਉਸ ਤੋਂ ਬਾਅਦ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਦੇ ਅੱਗੇ ਪੰਜ ਪਿਆਰੇ ਸੁਸ਼ੋਭਿਤ ਸਨ ਤੇ ਇਸ ਤੋਂ ਇਲਾਵਾ ਛੋਟੇ-ਛੋਟੇ ਬੱਚੇ, ਬਜ਼ੁਰਗ ਤੇ ਨੌਜਵਾਨ ਪੂਰੇ ਉਤਸ਼ਾਹ ਨਾਲ ਨਗਰ ਕੀਰਤਨ ‘ਚ ਦੇਖੇ ਗਏ।
ਸ਼ਹੀਦਾਂ ਦੀਆਂ ਕੁਰਬਾਨੀਆਂ ਪ੍ਰੇਰਣਾ ਦਾ ਸਰੋਤ ਹੁੰਦੀਆਂ ਹਨ ਤੇ ਨਾਲ ਹੀ ਭਵਿੱਖ ਦੇ ਨੌਜਵਾਨਾਂ ਲਈ ਮਾਰਗ ਦਰਸ਼ਕ ਵੀ ਹੁੰਦੀਆਂ ਹਨ। ਸਿੱਖ ਕੌਮ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਭੁਲਾਇਆ ਜਾ ਸਕਦਾ। ਛੋਟੇ ਸਾਹਿਬਜ਼ਾਦਿਆਂ ਨੇ ਔਰੰਗਜ਼ੇਬ ਦੇ ਅਤਿਆਚਾਰੀ ਹਮਲਿਆਂ ਦਾ ਬਹੁਤ ਹੀ ਦ੍ਰਿੜ੍ਹਤਾ ਨਾਲ ਮੁਕਾਬਲਾ ਕੀਤਾ ਸੀ। ਔਰੰਗਜ਼ੇਬ ਵੱਲੋਂ ਇਨ੍ਹਾਂ ਫੁੱਲਾਂ ਵਰਗੇ ਸਾਹਿਬਜ਼ਾਦਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਉਹ ਆਪਣੇ ਫੈਸਲੇ ‘ਤੇ ਅਡਿੱਗ ਰਹੇ ਅਤੇ ਧਰਮ ਨੂੰ ਨਾ ਬਦਲਣਾ ਕਬੂਲਿਆ। ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪੋਹ ਦੇ ਮਹੀਨੇ ‘ਚ ਠੰਡੇ ਬੁਰਜ ‘ਚ ਰੱਖਿਆ ਗਿਆ ਪਰ ਫਿਰ ਵੀ ਸਾਹਿਬਜ਼ਾਦੇ ਨੇ ਦ੍ਰਿੜ੍ਹ ਨਿਸ਼ਚੈ ਬਣਾਈ ਰੱਖਿਆ ਤੇ ਔਰੰਗਜ਼ੇਬ ਦੇ ਜ਼ੁਲਮ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ।
ਦੇਸ਼ ਕੌਮ ਤੋਂ ਜਾਨਾਂ ਵਾਰਨ ਸਮੇਂ ਛੋਟੇ ਸਾਹਿਬਜ਼ਾਦਿਆਂ ਦੀ ਉਮਰ ਮਹਿਜ਼ 6 ਸਾਲ ਤੇ 9 ਸਾਲ ਸੀ। ਕੋਈ ਪੇਸ਼ ਨਾ ਚੱਲਦੀ ਦੇਖ ਔਰੰਗਜ਼ੇਬ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਹੀ ਦੀਵਾਰਾਂ ‘ਚ ਚਿੰਨ੍ਹਵਾਉਣ ਦਾ ਹੁਕਮ ਦੇ ਦਿੱਤਾ ਤੇ ਫਿਰ ਜਦੋਂ ਦੀਵਾਰ ਗਰਦਨਾਂ ਤੱਕ ਪਹੁੰਚੀ ਤਾਂ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰ ਦਿੱਤੇ ਗਏ ਤੇ ਛੋਟੇ ਸਾਹਿਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਜਦੋਂ ਮਾਤਾ ਗੁਜਰੀ ਨੂੰ ਮਿਲੀ ਤਾਂ ਉਹ ਇਹ ਦੁੱਖ ਸਹਾਰ ਨਾ ਸਕੀ ਤੇ ਅਕਾਲ ਚਲਾਣਾ ਕਰ ਗਈ। ਅੱਜ ਉਸ ਮੁਕੱਦਸ ਧਰਤੀ ਨੂੰ ਸਿਜਦਾ ਕਰਨ ਲਈ ਲੱਖਾਂ ਦੀ ਗਿਣਤੀ ‘ਚ ਸੰਗਤ ਪਹੁੰਚਦੀ ਹੈ। ਗੁਰਦੁਆਰਾ ਫਤਹਿਗੜ੍ਹ ਸਾਹਿਬ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁੱਜਰ ਕੌਰ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਧਰਮ ਹਿਤ ਦਿੱਤੀ ਅਦੁੱਤੀ-ਸ਼ਹਾਦਤ ਦੀ ਅਮਰ ਯਾਦਗਾਰ ਵਜੋਂ ਸੁਸ਼ੋਭਿਤ ਹੈ।