ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਭਾਰਤੀ ਸਿੱਖ ਫੌਜੀਆਂ ਨੂੰ ਸਮਰਪਿਤ ਬੁੱਤ ਲੱਗਣ ਨੂੰ ਮਨਜ਼ੂਰੀ ਮਿਲ ਗਈ ਹੈ । ਇਹ ਯਾਦਗਾਰੀ ਚਿੰਨ੍ਹ ਪੰਜਾਬੀਆਂ ਦੇ ਗੜ੍ਹ ਬਲੈਕਟਾਊਨ (Blacktown) ਕੌਂਸਲ ਦੇ ਇਲਾਕੇ ਗਲੈਨਵੁੱਡ (Glenwood) ਵਿਖੇ ਲਗਾਇਆ ਜਾਵੇਗਾ। ਗੌਰਤਲਬ ਹੈ ਕਿ ਆਸਟ੍ਰੇਲੀਆ ਭਰ ਵਿੱਚ ਸਿੱਖ ਫ਼ੌਜ ਦੀ ਬਹਾਦਰੀ ਨੂੰ ਦਰਸਾਉਂਦਾ ਇਹ ਪਹਿਲਾ ਬੁੱਤ ਹੋਵੇਗਾ। ਅਮਰਿੰਦਰ ਸਿੰਘ ਬਾਜਵਾ ਤੇ ਹਰਕੀਰਤ ਸਿੰਘ ਸੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਤਿਹ ਫਾਊਂਡੇਸ਼ਨ ਪਿਛਲੇ 4 ਸਾਲਾਂ ਤੋਂ ਇਸ ਕਾਰਜ ‘ਚ ਲੱਗੀ ਹੋਈ ਸੀ, ਜਿਸ ਨੂੰ ਹੁਣ ਬੂਰ ਪਿਆ ਹੈ।
ਇਹ ਯਾਦਗਾਰੀ ਬੁੱਤ ਜਿੱਥੇ ਨਵੀਂ ਪੀੜ੍ਹੀ ਲਈ ਮਾਰਗ ਦਰਸ਼ਕ ਸਾਬਿਤ ਹੋਵੇਗਾ, ਉਥੇ ਹੀ ਸਿੱਖਾਂ ਦੇ ਇਤਿਹਾਸ ਦੀ ਤਸਵੀਰ ਨੂੰ ਵੀ ਪੇਸ਼ ਕਰੇਗਾ। ਦੱਸਣਯੋਗ ਹੈ ਕਿ ਪਹਿਲੀ ਅਤੇ ਦੂਸਰੀ ਵਿਸ਼ਵ ਜੰਗ ਵਿੱਚ ਹਜ਼ਾਰਾਂ ਭਾਰਤੀ ਸ਼ਹੀਦ ਹੋਏ ਹਨ ਪਰ ਉਹਨਾਂ ਨੂੰ ਬਣਦਾ ਸਨਮਾਨ ਕਦੇ ਵੀ ਹਾਸਲ ਨਹੀਂ ਹੋਇਆ। ਫਤਿਹ ਫਾਊਂਡੇਸ਼ਨ ਨੇ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ ਹੈ ਅਤੇ ਦੱਸਿਆ ਕਿ ਸਿੱਖ ਫ਼ੌਜੀਆਂ ਦੀ ਬਣਨ ਵਾਲੀ ਇਹ ਯਾਦਗਾਰ ਹਮੇਸ਼ਾਂ ਪੰਜਾਬੀ ਭਾਈਚਾਰੇ ਨੂੰ ਮਾਣ ਦਿਵਾਉਂਦੀ ਰਹੇਗੀ।