Spitting on the road is expensive : ਕੋਰੋਨਾ ਵਾਇਰਸ ਕਾਰਨ ਪ੍ਰਸ਼ਾਸਨ ਵਲੋਂ ਵਾਰ-ਵਾਰ ਲੋਕਾਂ ਨੂੰ ਐਡਵਾਇਜਰੀ ਜਾਰੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਕੁਝ ਨੌਜਵਾਨਾਂ ਵਲੋਂ ਇਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਕੋਵਿਡ-19 ਕਰਕੇ ਸੜਕ ‘ਤੇ ਥੁੱਕਣ ਦੀ ਮਨ੍ਹਾਹੀ ਹੈ ਪਰ ਅੱਜ ਚੰਡੀਗੜ੍ਹ ਵਿਖੇ ਇਕ ਨੌਜਵਾਨ ਵਲੋਂ ਦੁਬਾਰਾ ਇਹ ਕਾਰਾ ਕੀਤਾ ਗਿਆ ਜਿਸ ਦਾ ਖਮਿਆਜਾ ਉਸ ਨੂੰ ਭੁਗਤਣਾ ਪਿਆ। ਸੜਕ ‘ਤੇ ਥੁੱਕਣਾ ਕਾਨੂੰਨੀ ਜ਼ੁਰਮ ਹੈ ਪਰ ਇਸ ਦੇ ਬਾਵਜੂਦ ਭਾਰਤ ਵਰਗੇ ਦੇਸ਼ ‘ਚ ਲੋਕ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਅਜਿਹੇ ਇਕ ਸ਼ਖ਼ਸ ਨੂੰ ਕਰਾਰ ਸਬਕ ਸਿਖਾਇਆ।
ਕੋਰੋਨਾ ਵਾਇਰਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਸੜਕ ‘ਤੇ ਥੁੱਕਣ ਨੂੰ ਸਜ਼ਾਯੋਗ ਜ਼ੁਰਮ ਐਲਾਨਿਆ ਹੋਇਆ। ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਆਪਣੀ ਆਦਤ ਤੋਂ ਬਾਜ ਨਹੀਂ ਆਉਂਦੇ। ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਚੰਡੀਗੜ੍ਹ ਪੁਲਿਸ ਨੇ ਕੁਝ ਅਜਿਹਾ ਕੀਤਾ ਕਿ ਸ਼ਾਇਦ ਅੱਗੇ ਤੋਂ ਕੋਈ ਸੜਕ ‘ਤੇ ਥੁੱਕਣ ਲੱਗਿਆਂ ਸੌ ਵਾਰ ਸੋਚੇ। ਚੰਡੀਗੜ੍ਹ ‘ਚ ਸੜਕ ‘ਤੇ ਥੁੱਕਣ ਵਾਲੇ ਤੋਂ ਹੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਥੁੱਕ ਸਾਫ਼ ਕਰਵਾਇਆ। ਟ੍ਰੈਫਿਕ ਪੁਲਿਸ ਵੱਲੋਂ ਇਕ ਮੋਟਰਸਾਇਕਲ ਸਵਾਰ ਨੂੰ ਸੜਕ ਤੇ ਥੁੱਕਦਿਆਂ ਫੜ੍ਹਿਆ ਗਿਆ ਤੇ ਫਿਰ ਉਸ ਨੂੰ ਰੋਕ ਕੇ ਪਾਣੀ ਦੀ ਬੋਤਲ ਦਿੱਤੀ ਤੇ ਆਪਣੇ ਹੀ ਹੱਥਾਂ ਨਾਲ ਸੜਕ ‘ਤੇ ਥੁੱਕ ਸਾਫ਼ ਕਰਨ ਲਈ ਕਿਹਾ। ਇੰਨਾ ਹੀ ਨਹੀਂ ਸੜਕ ‘ਤੇ ਥੁੱਕਣ ਵਾਲੇ ਨੂੰ ਇਹ ਚੇਤਾਵਨੀ ਵੀ ਦਿੱਤੀ ਗਈ ਕਿ ਸੜਕ ‘ਤੇ ਥੁੱਕਣਾ ਜਿੱਥੇ ਲਾਗ ਦਾ ਖਤਰਾ ਵਧਾਉਦਾ ਹੈ ਉੱਥੇ ਹੀ ਗੰਦਗੀ ਦਾ ਘਰ ਵੀ ਹੈ। ਇਸ ਲਈ ਅੱਗੇ ਤੋਂ ਅਜਿਹਾ ਕਰਨ ਤੋਂ ਗੁਰੇਜ਼ ਕਰੇ। ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਸਾਨੂੰ ਹਰੇਕ ਨਾਗਰਿਕ ਨੂੰ ਚਾਹੀਦਾ ਹੈ ਕਿ ਅਸੀਂ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੀਏ ਤੇ ਉਨ੍ਹਾਂ ਦਾ ਸਹਿਯੋਗ ਦੇਈਏ।