ਭਾਰਤੀ ਹਾਕੀ ਟੀਮ ਏਸ਼ੀਅਨ ਚੈਂਪੀਅਨ ਟਰਾਫ਼ੀ 2024 ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਟੀਮ ਨੇ ਤੀਜੇ ਮੁਕਾਬਲੇ ਵਿੱਚ ਮਲੇਸ਼ੀਆ ਨੂੰ ਹਰਾਇਆ। ਬੁੱਧਵਾਰ ਨੂੰ ਖੇਡੇ ਗਏ ਮੈਚ ਵਿੱਚ ਪੈਰਿਸ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਟੀਮ ਨੇ 8-1 ਨਾਲ ਜਿੱਤ ਦਰਜ ਕੀਤੀ। ਭਾਰਤ ਦੀ ਇਸ ਚੈਂਪੀਅਨ ਟਰਾਫੀ ਵਿੱਚ ਇਹ ਲਗਾਤਾਰ ਤੀਜੀ ਜਿੱਤ ਹੈ। ਇਸ ਜਿੱਤ ਦੇ ਨਾਲ ਭਾਰਤ ਨੇ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਐਂਟਰੀ ਕਰ ਲਈ ਹੈ। ਭਾਰਤ ਦਾ ਅਗਲਾ ਮੁਕਾਬਲਾ ਅੱਜ ਕੋਰੀਆ ਨਾਲ ਖੇਡਿਆ ਜਾਵੇਗਾ।
ਮਲੇਸ਼ੀਆ ਨਾਲ ਹੋਏ ਮੁਕਾਬਲੇ ਵਿੱਚ ਰਾਜਕੁਮਾਰ ਪਾਲ ਨੇ ਹੈਟ੍ਰਿਕ ਗੋਲ ਕੀਤੇ। ਉਨ੍ਹਾਂ ਤੋਂ ਇਲਾਵਾ ਅਰਿਜੀਤ ਸਿੰਘ ਨੇ ਦੋ ਗੋਲ ਤੇ ਕਪਤਾਨ ਹਰਮਨਪ੍ਰੀਤ ਸਿੰਘ, ਉੱਤਮ ਸਿੰਘ ਤੇ ਜੁਗਰਾਜ ਨੇ 1-1 ਗੋਲ ਕੀਤੇ। ਏਸ਼ੀਅਨ ਚੈਂਪੀਅਨ ਟਰਾਫੀ ਦੇ ਪੁਆਇੰਟ ਟੇਬਲ ‘ਤੇ ਭਾਰਤ ਪਹਿਲੇ ਸਥਾਨ ‘ਤੇ ਹੈ। ਭਾਰਤ ਦੇ 3 ਮੈਚਾਂ ਵਿੱਚ 3 ਜਿੱਤਾਂ ਨਾਲ 9 ਪੁਆਇੰਟ ਹਨ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਪਾਕਿਸਤਾਨ ਹੈ। ਉਸਦੇ 3 ਮੈਚਾਂ ਵਿੱਚ 1 ਜਿੱਤ ਨਾਲ ਤੇ 2 ਡਰਾਅ ਮੁਕਾਬਲਿਆਂ ਨਾਲ 5 ਅੰਕ ਹਨ।
ਇਹ ਵੀ ਪੜ੍ਹੋ: ਚੰਗੇ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਦਰਿਆ ਕਿਨਾਰੇ ਮਿਲੀ ਦੇਹ
ਏਸ਼ੀਅਨ ਚੈਂਪੀਅਨ ਟਰਾਫੀ ਵਿੱਚ ਭਾਰਤ ਹੁਣ ਤੱਕ 16 ਗੋਲ ਕਰ ਚੁੱਕਿਆ ਹੈ। ਲੀਗ ਸਟੇਜ ‘ਤੇ ਭਾਰਤ ਨੇ ਮੇਜ਼ਬਾਨ ਚੀਨ, ਜਾਪਾਨ ਤੇ ਹੁਣ ਮਲੇਸ਼ੀਆ ਨੂੰ ਧੂੜ ਚਟਾਈ ਹੈ। ਮਲੇਸ਼ੀਆ ਖਿਲਾਫ਼ ਭਾਰਤ ਨੇ 55 ਫ਼ੀਸਦੀ ਤੱਕ ਗੇਂਦ ‘ਤੇ ਕਬਜ਼ਾ ਕਰ ਕੇ ਰੱਖਿਆ ਸੀ। ਉੱਥੇ ਹੀ 5 ਫੀਲਡ ਗੋਲ ਤੇ 32 ਸਰਕਲ ਐਂਟਰੀ ਦੇ ਨਾਲ 15 ਪੈਨਲਟੀ ਕਾਰਨਰ ਹਾਸਿਲ ਕੀਤੇ।
ਦੱਸ ਦੇਈਏ ਕਿ ਭਾਰਤ ਦੇ ਨਾਲ ਇਸ ਟੂਰਨਾਮੈਂਟ ਵਿੱਚ ਚੀਨ, ਕੋਰੀਆ, ਜਾਪਾਨ, ਮਲੇਸ਼ੀਆ ਤੇ ਪਾਕਿਸਤਾਨ ਹਿੱਸਾ ਲੈ ਰਹੇ ਹਨ। ਪਾਕਿਸਤਾਨ ਨਾਲ ਭਾਰਤ ਦਾ ਮੁਕਾਬਲਾ 14 ਸਤੰਬਰ ਨੂੰ ਹੋਵੇਗਾ। ਟੂਰਨਾਮੈਂਟ ਦਾ ਫਾਈਨਲ 17 ਸਤੰਬਰ ਨੂੰ ਖੇਡਿਆ ਜਾਵੇਗਾ। ਭਾਰਤੀ ਹਾਕੀ ਟੀਮ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਡਿਫੈਂਨਡਿੰਗ ਚੈਂਪੀਅਨ ਹੈ। ਭਾਰਤ ਨੇ ਚਾਰ ਤੇ ਪਾਕਿਸਤਾਨ ਨੇ ਤਿੰਨ ਵਾਰ ਖਿਤਾਬ ਜਿੱਤਿਆ ਹੈ। ਉੱਥੇ ਹੀ 2021 ਵਿੱਚ ਦੱਖਣੀ ਕੋਰੀਆ ਨੇ ਇਹ ਟਾਈਟਲ ਆਪਣੇ ਨਾਮ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: