ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨ ਟਰਾਫੀ 2024 ਵਿੱਚ ਜਿੱਤ ਨਾਲ ਆਗਾਜ਼ ਕੀਤਾ। ਪੈਰਿਸ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਟੀਮ ਨੇ ਐਤਵਾਰ ਨੂੰ ਖੇਡੇ ਗਏ ਆਪਣੇ ਪਹਿਲੇ ਮੁਕਾਬਲੇ ਵਿੱਚ ਚੀਨ ਨੂੰ 3-0 ਨਾਲ ਹਰਾਇਆ। ਡਿਫੈਂਡਿੰਗ ਚੈਂਪੀਅਨ ਭਾਰਤ ਵੱਲੋਂ ਸੁਖਜੀਤ ਸਿੰਘ, ਉੱਤਮ ਸਿੰਘ ਤੇ ਅਭਿਸ਼ੇਕ ਨੇ ਗੋਲ ਕੀਤੇ। ਸੁਖਜੀਤ ਪਹਿਲੇ ਕੁਆਰਟਰ ਦੇ 14ਵੇਂ ਮਿੰਟ ਵਿੱਚ ਗੋਲ ਕਰ ਕੇ ਖਾਤਾ ਖੋਲ੍ਹਿਆ। ਇਸਦੇ ਬਾਅਦ ਦੂਜੇ ਕੁਆਰਟਰ ਦੇ 27ਵੇਂ ਮਿੰਟ ਵਿੱਚ ਉੱਤਮ ਸਿੰਘ ਨੇ ਲੀਡ ਨੂੰ ਦੁੱਗਣਾ ਕਰ ਦਿੱਤਾ। ਅਭਿਸ਼ੇਕ ਨੇ 32ਵੇਂ ਮਿੰਟ ਵਿੱਚ ਗੋਲ ਕੀਤਾ। ਭਾਰਤ ਦਾ ਅਗਲਾ ਮੁਕਾਬਲਾ ਅੱਜ ਜਾਪਾਨ ਨਾਲ ਹੋਵੇਗਾ।
ਇਸ ਮੌਕੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਵਧੀਆ ਖੇਡੇ। ਅਸੀਂ ਕੁਝ ਵਧੀਆ ਮੌਕੇ ਬਣਾਏ ਪਰ ਸਭ ਰੋਂ ਵਧੀਆ ਚੀਜ਼ ਹੈ ਕਿ ਅਸੀਂ ਗੋਲ ਨਹੀਂ ਖਾਧੇ। ਉਨ੍ਹਾਂ ਨੇ ਕਿਹਾ ਕਿ ਕੁਝ ਨਵੇਂ ਚਿਹਰਿਆਂ ਨੂੰ ਖੇਡਣ ਦਾ ਮੌਕੇ ਮਿਲਿਆ ਤੇ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਵਧੀਆ ਖੇਡੇ। ਇਹ ਉਨ੍ਹਾਂ ਦੇ ਲਈ ਏਸ਼ੀਆਈ ਟੀਮ ਦੇ ਨਾਲ ਖੇਡਣ ਤੇ ਸੀਨੀਅਰ ਟੀਮ ਦੇ ਨਾਲ ਮਿਲ-ਕੁਲ ਕੇ ਰਹਿਣ ਦਾ ਵਧੀਆ ਮੌਕਾ ਹੈ। ਉਹ ਬਹੁਤ ਹੀ ਪ੍ਰਤਿਭਾਸ਼ਾਲੀ ਹਨ। ਮੈਂ ਉਨ੍ਹਾਂ ਨੂੰ ਭਵਿੱਖ ਦੇ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।
ਭਾਰਤ ਦੇ ਨਾਲ ਇਸ ਟੂਰਨਾਮੈਂਟ ਵਿੱਚ ਚੀਨ, ਕੋਰੀਆ, ਜਾਪਾਨ, ਮਲੇਸ਼ੀਆ ਤੇ ਪਾਕਿਸਤਾਨ ਹਿੱਸਾ ਲੈਣਗੇ। ਪਾਕਿਸਤਾਨ ਨਾਲ ਭਾਰਤ ਦਾ ਮੁਕਾਬਲਾ 14 ਸਤੰਬਰ ਨੂੰ ਹੋਵੇਗਾ। ਇਸ ਟੂਰਨਾਮੈਂਟ ਦਾ ਫਾਈਨਲ 17 ਸਤੰਬਰ ਨੂੰ ਖੇਡਿਆ ਜਾਵੇਗਾ। ਭਾਰਤੀ ਹਾਕੀ ਟੀਮ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਡਿਫੈਂਡਿੰਗ ਚੈਂਪੀਅਨ ਹੈ। ਭਾਰਤ ਨੇ ਚਾਰ ਤੇ ਪਾਕਿਸਤਾਨ ਨੇ 3 ਵਾਰ ਇਹ ਖਿਤਾਬ ਆਪਣੇ ਨਾਮ ਕੀਤਾ ਹੈ। ਉੱਥੇ ਹੀ 2021 ਵਿੱਚ ਦੱਖਣੀ ਕੋਰੀਆ ਨੇ ਇਹ ਖਿਤਾਬ ਜਿੱਤਿਆ ਸੀ।
ਦੱਸ ਦੇਈਏ ਕਿ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਿੱਚ ਭਾਰਤੀ ਹਾਕੀ ਟੀਮ ਨੇ ਹਾਲ ਹੀ ਵਿੱਚ ਖਤਮ ਹੋਏ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਭਾਰਤੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਮੈਚ ਵਿੱਚ ਸਪੇਨ ਨੂੰ 2-1 ਨਾਲ ਹਰਾਇਆ ਸੀ। ਇਹ ਭਾਰਤੀ ਟੀਮ ਦਾ ਓਲੰਪਿਕ ਵਿੱਚ ਲਗਾਤਾਰ ਦੂਜਾ ਕਾਂਸੀ ਦਾ ਤਗਮਾ ਸੀ। ਟੋਕੀਓ ਓਲੰਪਿਕ ਵਿੱਚ ਵੀ ਭਾਰਤੀ ਟੀਮ ਨੇ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ।
ਵੀਡੀਓ ਲਈ ਕਲਿੱਕ ਕਰੋ -: