cricket australia says: ਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਆਈਸੀਸੀ ਦੇ ਇਸ ਸਾਲ ਹੋਣ ਵਾਲੇ ਪੁਰਸ਼ ਟੀ -20 ਵਰਲਡ ਕੱਪ ਨੂੰ ਮੁਲਤਵੀ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਆਈਸੀਸੀ ਨੇ ਕੋਵਿਡ -19 ਦੇ ਕਾਰਨ 18 ਅਕਤੂਬਰ ਤੋਂ 15 ਨਵੰਬਰ ਦੇ ਵਿਚਕਾਰ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ -20 ਵਰਲਡ ਕੱਪ ਨੂੰ ਮੁਲਤਵੀ ਕਰ ਦਿੱਤਾ ਹੈ। ਕ੍ਰਿਕਟ ਆਸਟ੍ਰੇਲੀਆ (ਸੀਏ) ਦੇ ਅੰਤ੍ਰਿਮ ਚੀਫ ਐਗਜ਼ੀਕਿਉਟਿਵ ਨਿਕ ਹਾਕਲੇ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਟੀ 20 ਵਰਲਡ ਕੱਪ ਮੁਲਤਵੀ ਕਰਨ ਦੇ ਆਈਸੀਸੀ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਹੈ। ਇਹ ਫੈਸਲਾ ਖਿਡਾਰੀਆਂ, ਪ੍ਰਸ਼ੰਸਕਾਂ, ਅਧਿਕਾਰੀਆਂ, ਸਟਾਫ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।” ਉਨ੍ਹਾਂ ਕਿਹਾ, “ਕੋਵਿਡ -19 ਪੂਰੀ ਦੁਨੀਆ ਦੇ ਖੇਡ ਟੂਰਨਾਮੈਂਟਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਕ੍ਰਿਕਟ ਵੀ ਇਸ ਤੋਂ ਵੱਖਰੀ ਨਹੀਂ ਹੈ। ਮੌਜੂਦਾ ਸਥਿਤੀ ‘ਚ ਅਕਤੂਬਰ ਵਿੱਚ 16 ਟੀਮਾਂ ਦੀ ਮੇਜ਼ਬਾਨੀ ਕਰਨ ਦਾ ਜੋਖਮ ਟੂਰਨਾਮੈਂਟ ਨੂੰ ਮੁਲਤਵੀ ਕਰਨ ਲਈ ਕਾਫ਼ੀ ਸਾਬਿਤ ਹੋਇਆ।”
ਆਸਟ੍ਰੇਲੀਆ ਤੇ ਭਾਰਤ ਆਈਸੀਸੀ ਦੇ ਅਗਲੇ ਦੋ ਟੀ -20 ਵਿਸ਼ਵ ਕੱਪਾਂ ਦੀ ਮੇਜ਼ਬਾਨੀ ਕਰਨ ਦੀ ਦੌੜ ਵਿੱਚ ਹਨ, ਪਰ ਕਿਹੜਾ ਦੇਸ਼ ਕਿਸ ਸਾਲ ਵਿੱਚ ਮੇਜਬਾਨੀ ਕਰੇਗਾ ਅਜੇ ਤੈਅ ਨਹੀਂ ਹੋਇਆ ਹੈ। ਕੋਵਿਡ -19 ਦੀ ਸਥਿਤੀ ਨੂੰ ਵੇਖਦਿਆਂ ਹੀ ਇਹ ਫੈਸਲਾ ਲਿਆ ਜਾਵੇਗਾ। ਹਾਲਾਂਕਿ, ਨਿਕ ਨੇ ਉਮੀਦ ਜਤਾਈ ਹੈ ਕਿ ਜਦੋਂ ਵਿਸ਼ਵ ਕੱਪ ਦੀਆਂ ਨਵੀਆਂ ਤਾਰੀਖਾਂ ਆਉਂਦੀਆਂ ਹਨ ਅਤੇ ਆਸਟ੍ਰੇਲੀਆ ਨੂੰ ਮੇਜਬਾਨੀ ਮਿਲ ਜਾਂਦੀ ਹੈ, ਤਾਂ ਉਹ ਇੱਕ ਵਧੀਆ ਟੂਰਨਾਮੈਂਟ ਆਯੋਜਿਤ ਕਰਨਗੇ। ਉਨ੍ਹਾਂ ਕਿਹਾ, “ਇਸ ਸਾਲ ਆਸਟ੍ਰੇਲੀਆ ‘ਚ ਹੋਣ ਵਾਲੇ ਟੂਰਨਾਮੈਂਟ ਲਈ ਬਹੁਤ ਸਖਤ ਮਿਹਨਤ ਕੀਤੀ ਗਈ ਸੀ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜੋ ਪੂਰੇ ਜੋਸ਼ ਤੇ ਲਗਨ ਨਾਲ ਇਸ ਵਿੱਚ ਸ਼ਾਮਿਲ ਹੋਏ ਸਨ।” ਉਨ੍ਹਾਂ ਕਿਹਾ, “ਇਸ ਸਾਲ ਦੇ ਅਰੰਭ ‘ਚ ਆਸਟ੍ਰੇਲੀਆ ‘ਚ ਮਹਿਲਾ ਟੀ -20 ਵਰਲਡ ਕੱਪ ਇਤਿਹਾਸਕ ਸਾਬਿਤ ਹੋਇਆ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਪੁਰਸ਼ਾਂ ਦਾ ਟੂਰਨਾਮੈਂਟ ਵੀ ਸ਼ਾਨਦਾਰ ਹੋਵੇਗਾ।” ਉਨ੍ਹਾਂ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਇਸ ਫੈਸਲੇ ਤੋਂ ਬਾਅਦ ਸਾਨੂੰ ਇੱਕ ਮੌਕਾ ਮਿਲੇਗਾ ਕਿ 2021 ਜਾਂ 2022 ‘ਚ ਅਸੀਂ ਦੇਸ਼ ਭਰ ਵਿੱਚ ਫੈਲੇ ਸਰਬੋਤਮ ਕ੍ਰਿਕਟ ਸਟੇਡੀਅਮਾਂ ਵਿੱਚ ਇੱਕ ਸੁਰੱਖਿਅਤ ਮਾਹੌਲ ਵਿੱਚ ਪ੍ਰਸ਼ੰਸਕਾਂ ਦਾ ਸਵਾਗਤ ਕਰਾਂਗੇ।”