ਭਾਰਤ ਦੀ ਦੋ ਵਾਰ ਦੀ ਓਲੰਪਿਕ ਕਾਂਸੀ ਤਮਗਾ ਜੇਤੂ ਮਨੂ ਭਾਕਰ ਨੂੰ ਪੈਰਿਸ ਓਲੰਪਿਕ 2024 ਦੇ ਸਮਾਪਤੀ ਸਮਾਰੋਹ ਵਿੱਚ ਭਾਰਤ ਦਾ ਝੰਡਾਬਰਦਾਰ ਵਜੋਂ ਚੁਣਿਆ ਜਾ ਸਕਦਾ ਹੈ। ਭਾਰਤੀ ਓਲੰਪਿਕ ਸੰਘ (ਆਈਓਏ) ਦੇ ਸੂਤਰਾਂ ਨੇ ਕਿਹਾ ਕਿ ਭਾਕਰ ਸਮਾਪਤੀ ਸਮਾਰੋਹ ਵਿੱਚ ਮਹਿਲਾ ਝੰਡਾਬਰਦਾਰ ਹੋਵੇਗੀ, ਜਦੋਂ ਕਿ ਪੁਰਸ਼ ਝੰਡਾ ਬਰਦਾਰ ਦਾ ਐਲਾਨ ਹੋਣਾ ਬਾਕੀ ਹੈ। ਪੈਰਿਸ ਓਲੰਪਿਕ ਦਾ ਸਮਾਪਤੀ ਸਮਾਰੋਹ 11 ਅਗਸਤ ਨੂੰ ਆਯੋਜਿਤ ਹੋਵੇਗਾ।
ਦਰਅਸਲ, ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਤਗਮੇ ਜਿੱਤ ਕੇ ਭਾਰਤ ਲਈ ਇੱਕ ਨਵੀਂ ਸ਼ੁਰੂਆਤ ਕੀਤੀ । ਟੋਕੀਓ ਓਲੰਪਿਕ 2021 ਵਿੱਚ 10 ਮੀਟਰ ਏਅਰ ਪਿਸਟਲ ਕੁਆਲੀਫਿਕੇਸ਼ਨ ਰਾਊਂਡ ਵਿੱਚ ਉਸ ਦੀ ਰਿਵਾਲਵਰ ਖਰਾਬ ਹੋ ਗਈ ਸੀ, ਜਿਸ ਕਾਰਨ ਉਸ ਨੂੰ ਸਮੇਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਕਾਰਨ ਉਹ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਪਰ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਸ਼ਾਨਦਾਰ ਵਾਪਸੀ ਕੀਤੀ। ਉਹ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਤੀਜੇ ਸਥਾਨ ‘ਤੇ ਰਹੀ ਅਤੇ ਫਿਰ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਇਹ ਵੀ ਪੜ੍ਹੋ: ਵਿਆਹੁਤਾ ਗਰਭਵਤੀ ਮਹਿਲਾ ਦੀ ਭੇਦਭਰੇ ਹਾਲਾਤਾਂ ‘ਚ ਮੌਤ, 10 ਮਹੀਨੇ ਪਹਿਲਾ ਹੀ ਹੋਇਆ ਸੀ ਵਿਆਹ
ਦੱਸ ਦੇਈਏ ਕਿ ਓਲੰਪਿਕ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤੀ ਟੀਮ ਦੀ ਅਗਵਾਈ ਸਟਾਰ ਸ਼ਟਲਰ ਪੀਵੀ ਸਿੰਧੂ ਅਤੇ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਕੀਤੀ ਸੀ। ਇਸ ਦੇ ਨਾਲ ਹੀ ਸਮਾਪਤੀ ਸਮਾਰੋਹ ਵਿੱਚ ਭਾਰਤੀ ਟੀਮ ਦਾ ਝੰਡਾਬਰਦਾਰ ਕੌਣ ਹੋਵੇਗਾ, ਇਸ ਦਾ ਅਧਿਕਾਰਤ ਐਲਾਨ ਹੋਣਾ ਬਾਕੀ ਹੈ।
ਗੌਰਤਲਬ ਹੈ ਕਿ ਦੋ ਤਗਮੇ ਜਿੱਤਣ ਤੋਂ ਬਾਅਦ ਮਨੂ ਭਾਕਰ ਤੀਜਾ ਤਗਮਾ ਜਿੱਤਣ ਲਈ 3 ਅਗਸਤ ਨੂੰ ਫਾਈਨਲ ਮੈਚ ਖੇਡਣ ਮੈਦਾਨ ‘ਤੇ ਉਤਰੀ ਸੀ ਪਰ ਉਹ ਇਤਿਹਾਸ ਰਚਣ ਤੋਂ ਖੁੰਝ ਗਈ। ਉਹ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਅਥਲੀਟ ਹੈ। ਮਨੂ ਭਾਕਰ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹੀ। ਹਾਰ ਤੋਂ ਬਾਅਦ ਮਨੂ ਨੇ ਕਿਹਾ ਕਿ ਮੈਂ ਬਹੁਤ ਨਰਵਸ ਸੀ। ਮੈਂ ਇੱਕ ਸਮੇਂ ਵਿੱਚ ਇੱਕ ਸ਼ਾਟ ਦੀ ਤਿਆਰੀ ਕਰ ਰਹੀ ਸੀ ਅਤੇ ਉਸ ‘ਤੇ ਧਿਆਨ ਦੇ ਰਹੀ ਸੀ, ਪਰ ਮੇਰੇ ਲਈ ਇੱਥੇ ਕੁਝ ਵੀ ਠੀਕ ਨਹੀਂ ਰਿਹਾ। ਮੈਂ ਭਵਿੱਖ ਵਿੱਚ ਵੀ ਭਾਰਤ ਲਈ ਮੈਡਲ ਜਿੱਤਣ ਦੀ ਕੋਸ਼ਿਸ਼ ਕਰਾਂਗੀ।
ਵੀਡੀਓ ਲਈ ਕਲਿੱਕ ਕਰੋ -: