eng vs ire odi: ਇੰਗਲੈਂਡ ਨੇ ਆਇਰਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਆਈਸੀਸੀ ਵਰਲਡ ਕੱਪ ਸੁਪਰ ਲੀਗ ਦਾ ਪਹਿਲਾ ਮੈਚ ਜਿੱਤ ਲਿਆ ਹੈ। ਸਾਉਥੈਮਪਟਨ ਦੇ ਏਜਜ਼ ਬਾਊਲ ਵਿੱਚ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੇ 173 ਦੌੜਾਂ ਦਾ ਟੀਚਾ 27.5 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਇਸ ਲੜੀ ਦੇ ਨਾਲ ਆਈਸੀਸੀ ਪੁਰਸ਼ ਕ੍ਰਿਕਟ ਵਰਲਡ ਕੱਪ ਸੁਪਰ ਲੀਗ ਦੀ ਸ਼ੁਰੂਆਤ ਹੋ ਗਈ ਹੈ। ਸੀਰੀਜ਼ ਦਾ ਦੂਜਾ ਮੈਚ 1 ਅਗਸਤ ਨੂੰ ਖੇਡਿਆ ਜਾਵੇਗਾ। ਵੀਰਵਾਰ ਨੂੰ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ ਆਇਰਲੈਂਡ ਨੂੰ 44.4 ਓਵਰਾਂ ਵਿੱਚ 172 ਦੌੜਾਂ ‘ਤੇ ਢੇਰ ਕਰ ਦਿੱਤਾ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਨੇ 5 ਵਿਕਟਾਂ ਲਈਆਂ। ਸੈਮ ਬਿਲਿੰਗਜ਼ (ਨਾਬਾਦ 67) ਅਤੇ ਕਪਤਾਨ ਈਯਨ ਮੋਰਗਨ (ਨਾਬਾਦ 36) ਨੇ ਪੰਜਵੇਂ ਵਿਕਟ ਲਈ 96 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਦਿਆਂ ਟੀਮ ਨੂੰ ਜਿੱਤ ਦਿਵਾਈ। ਇੰਗਲੈਂਡ ਨੇ ਇਸ ਜਿੱਤ ਨਾਲ 10 ਅੰਕ ਹਾਸਿਲ ਕੀਤੇ ਹਨ।
ਆਇਰਲੈਂਡ ਕੈਮਫ਼ੇਰ (ਨਾਬਾਦ 59) ਅਤੇ ਐਂਡੀ ਮੈਕਬ੍ਰਾਈਨ (40) ਦੇ ਵਿਚਕਾਰ 8 ਵੇਂ ਵਿਕਟ ਲਈ 66 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 172 ਦੌੜਾਂ ਬਣਾਉਣ ਦੇ ਯੋਗ ਹੋ ਗਿਆ। ਇੱਕ ਸਮੇਂ ਆਇਰਲੈਂਡ ਨੇ 28 ਦੌੜਾਂ ‘ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ ਅਤੇ 100 ਦੌੜਾਂ ਪਾਰ ਕਰਨਾ ਮੁਸ਼ਕਿਲ ਸੀ, ਪਰ ਕੈਮਫ਼ੇਰ ਅਤੇ ਮੈਕਬ੍ਰਾਈਨ ਨੇ ਟੀਮ ਨੂੰ ਛੇਤੀ ਨਿਪਟਣ ਤੋਂ ਬਚਾਇਆ। ਮੈਨ ਆਫ ਦਿ ਮੈਚ ਡੇਵਿਡ ਵਿਲੀ ਨੇ 5 ਵਿਕਟਾਂ ਲਈਆਂ (8.4 ਓਵਰਾਂ ‘ਚ 30 ਦੌੜਾਂ ਦੇ ਕੇ), ਜਦਕਿ ਸਾਕਿਬ ਮਹਿਮੂਦ ਨੇ 2 ਸਫਲਤਾਵਾਂ ਹਾਸਿਲ ਕੀਤੀਆਂ। ਆਦਿਲ ਰਾਸ਼ਿਦ ਅਤੇ ਟੌਮ ਕੁਰੇਨ ਨੇ 1-1 ਵਿਕਟ ਹਾਸਿਲ ਕੀਤੀ। ਜਵਾਬ ‘ਚ ਇੰਗਲੈਂਡ ਦੀ ਸ਼ੁਰੂਆਤ ਮਾੜੀ ਰਹੀ। ਉਸ ਦੇ ਦੋਵੇਂ ਸਲਾਮੀ ਬੱਲੇਬਾਜ਼ (ਜੌਨੀ ਬੈਰੀਸਟੋ – 2 ਅਤੇ ਜੇਸਨ ਰਾਏ – 24) 34 ਦੌੜਾਂ ‘ਤੇ ਵਾਪਿਸ ਪਰਤ ਗਏ ਸਨ। ਇਸ ਤੋਂ ਬਾਅਦ ਟੀਮ ਨੇ 78 ਦੌੜਾਂ ‘ਤੇ ਚਾਰ ਵਿਕਟਾਂ ਗੁਆ ਦਿੱਤੀਆਂ। ਆਖਰਕਾਰ ਸੈਮ ਬਿਲਿੰਗਜ਼ ਅਤੇ ਕਪਤਾਨ ਮੋਰਗਨ ਨੇ ਲੀਡ ਲੈ ਲਈ ਅਤੇ ਟੀਮ ਨੂੰ ਜਿੱਤ ਵੱਲ ਲੈ ਗਏ। ਇੰਗਲੈਂਡ ਨੇ 27.5 ਓਵਰਾਂ ਵਿੱਚ 174/4 ਦੌੜਾਂ ਬਣਾ ਕੇ ਮੈਚ ਜਿੱਤ ਲਿਆ।