ENG Vs WI: 117 ਦਿਨਾਂ ਤੋਂ ਬਾਅਦ ਕ੍ਰਿਕਟ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਤਕਰੀਬਨ ਚਾਰ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ, ਕ੍ਰਿਕਟ ਪ੍ਰਸ਼ੰਸਕਾਂ ਨੂੰ ਅੱਜ ਫਿਰ ਅੰਤਰਰਾਸ਼ਟਰੀ ਮੈਚ ਦੇਖਣ ਦਾ ਮੌਕਾ ਮਿਲੇਗਾ। ਸਾਉਥੈਮਪਟਨ ਦੇ ਏਜਿਸ ਬਾਉਲ ਸਟੇਡੀਅਮ ‘ਚ ਵੈਸਟਇੰਡੀਜ਼ ਖ਼ਿਲਾਫ਼ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ‘ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇੰਗਲੈਂਡ ਦੀ ਟੀਮ ਨੇ ਆਪਣੇ ਦੂਜੇ ਸਭ ਤੋਂ ਤਜਰਬੇਕਾਰ ਗੇਂਦਬਾਜ਼ ਸਟੂਅਰਟ ਬ੍ਰਾਡ ਨੂੰ ਇਸ ਮੈਚ ‘ਚ ਜਗ੍ਹਾ ਨਹੀਂ ਦਿੱਤੀ ਹੈ। ਇੰਗਲੈਂਡ ਦੀ ਟੀਮ ਇਸ ਮੈਚ ‘ਚ ਆਪਣੇ ਨਿਯਮਤ ਕਪਤਾਨ ਜੋ ਰੂਟ ਤੋਂ ਬਿਨਾਂ ਉਤਰੀ ਹੈ। ਪਹਿਲੀ ਵਾਰ, ਵਿਸ਼ਵ ਦਾ ਨੰਬਰ ਇੱਕ ਆਲਰਾਊਂਡਰ ਬੇਨ ਸਟੋਕਸ ਟੀਮ ਦੀ ਅਗਵਾਈ ਕਰ ਰਿਹਾ ਹੈ। ਇਸ ਮੈਚ ਤੋਂ ਪਹਿਲਾਂ ਬੇਨ ਸਟੋਕਸ ਕੋਲ ਕਪਤਾਨੀ ਦਾ ਕੋਈ ਤਜ਼ਰਬਾ ਨਹੀਂ ਹੈ।
ਬੇਨ ਸਟੋਕਸ ਨੇ ਘਰੇਲੂ ਕ੍ਰਿਕਟ ਵਿੱਚ ਕਦੇ ਵੀ ਟੀਮ ਦੀ ਅਗਵਾਈ ਨਹੀਂ ਕੀਤੀ। ਹਾਲਾਂਕਿ ਜੋ ਰੂਟ ਨੇ ਸਟੋਕਸ ਨੂੰ ਸਲਾਹ ਦਿੱਤੀ ਕਿ ਉਹ ਮੈਚ ਤੋਂ ਪਹਿਲਾਂ ਆਪਣੇ ਤਰੀਕੇ ਨਾਲ ਕਪਤਾਨੀ ਕਰੇ। ਤੁਹਾਨੂੰ ਦੱਸ ਦਈਏ ਕਿ 8 ਸਾਲਾਂ ਵਿੱਚ ਪਹਿਲੀ ਵਾਰ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਇੰਗਲੈਂਡ ਦੀ ਧਰਤੀ ‘ਤੇ ਖੇਡੇ ਜਾ ਰਹੇ ਕਿਸੇ ਵੀ ਮੈਚ ਵਿੱਚ ਹਿੱਸਾ ਨਹੀਂ ਲਵੇਗਾ। ਐਂਡਰਸਨ ਦੇ ਨਾਲ ਇੰਗਲੈਂਡ ਦੀ ਟੀਮ ਨੇ ਜੋਫਰਾ ਆਰਚਰ ਅਤੇ ਮਾਰਕ ਵੁੱਡ ਨੂੰ ਤੇਜ਼ ਗੇਂਦਬਾਜ਼ੀ ਲਈ ਕਮਾਨ ਦੇਣ ਦਾ ਫੈਸਲਾ ਕੀਤਾ ਹੈ। ਵੈਸਟਇੰਡੀਜ਼ ਦੀ ਟੀਮ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਖੇਡਣ ਲਈ ਇੱਕ ਮਹੀਨੇ ਪਹਿਲਾਂ ਮੇਜ਼ਬਾਨ ਟੀਮ ਦੇ ਘਰੇਲੂ ਮੈਦਾਨ ਵਿੱਚ ਪਹੁੰਚੀ ਸੀ। ਇਹ ਪੂਰੀ ਸੀਰੀਜ਼ ਬਿਨਾਂ ਕਿਸੇ ਦਰਸ਼ਕਾਂ ਦੇ ਮੈਦਾਨ ‘ਤੇ ਖੇਡੀ ਜਾਵੇਗੀ। ਇੰਨਾ ਹੀ ਨਹੀਂ ਮੈਚ ਵਿੱਚ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਆਈਸੀਸੀ ਨੇ ਵੀ ਕਈ ਵੱਡੀਆਂ ਤਬਦੀਲੀਆਂ ਕੀਤੀਆਂ ਹਨ।